ਸਿਰ ਕਹਿਕਸ਼ਾਂ ਦਾ ਜੋ ਤਾਜ ਸੀ's image
2 min read

ਸਿਰ ਕਹਿਕਸ਼ਾਂ ਦਾ ਜੋ ਤਾਜ ਸੀ

Surjit PatarSurjit Patar
0 Bookmarks 429 Reads0 Likes


ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਨ ਸੀ ਝੱਖੜਾਂ 'ਚ ਵੀ ਡੋਲਿਆ
ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ
ਮੇਰਾ ਤਾਜ ਮਿੱਟੀ 'ਚ ਰੁਲ ਗਿਆ

ਇਹ ਹੈ ਇਸ਼ਕ ਦੀ ਦਰਗਾਹ ਮੀਆਂ
ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ
ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ
ਉਹਦਾ ਜਾਂਦਾ ਸਿਜਦਾ ਕਬੂਲਿਆ

ਇਹ ਬੋਲ ਜੋ ਤੇਰੇ ਦਿਲ 'ਚ ਸੀ
ਉਹ ਤੂੰ ਦਿਲ 'ਚ ਕਿਉਂ ਦਫਨਾ ਲਿਆ
ਕਿਉਂ ਤੂੰ ਸਾਹ ਨੂੰ ਸੂਲੀ 'ਤੇ ਚਾੜ੍ਹ ਕੇ
ਮੇਰੀ ਜਾਨ ਹਉਕਾ ਬਣਾ ਲਿਆ

ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ
ਮੇਰੇ ਕੋਲ ਆ ਤੂੰ ਲੁਕਾ ਲਏ
ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ
ਤੇਰੇ ਇਹਤਿਆਤ ਨੇ ਤੋੜਿਆ

ਹਾਏ ਜ਼ਿੰਦਗੀ, ਹਾਏ ਆਦਮੀ
ਹਾਏ ਇਸ਼ਕ, ਹਾਏ ਹਕੀਕਤੋ
ਮੈਂ ਸਮਝ ਗਿਆਂ ਕੁਲ ਬਾਤ ਬੱਸ
ਸਮਝਾਉਣਾ ਦਿਲ ਨੂੰ ਹੀ ਰਹਿ ਗਿਆ

ਹੈ ਅਜੀਬ ਗੱਲ ਕੁਝ ਪਲ ਹੀ ਸਨ
ਕੁਲ ਉਮਰ ਜ਼ਖਮੀ ਕਰ ਗਏ
ਇਉਂ ਖੁਭ ਗਏ ਓਦੇ ਕਾਲਜ਼ੇ
ਕਿ ਦਰਖਤ ਸੂਲੀ ਹੀ ਬਣ ਗਿਆ

ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ
ਉਹਦੇ ਦਿਲ ਦੀ ਆਖਰੀ ਪਰਤ ਨੂੰ
ਛੱਡ ਰਹਿਣ ਦੇ ਤੈਨੂੰ ਆਖਦਾਂ
ਮੈਨੂੰ ਫਿਰ ਨ ਆਖੀਂ ਜੇ ਡਰ ਗਿਆ

ਕੋਈ ਹੋਰ ਮੇਰੀ ਪਨਾਹ ਨ ਸੀ
ਤੇ ਕਦਮ ਧਰਨ ਲਈ ਰਾਹ ਨ ਸੀ
ਤੇਰਾ ਤੀਰ ਹੀ ਲਾ ਕੇ ਕਾਲਜੇ
ਮੈਂ ਤਾਂ ਆਪਣੀ ਰੱਤ 'ਤੇ ਹੀ ਸੌਂ ਗਿਆ

ਮੇਰਾ ਮੁੜ ਸੁਅੰਬਰ ਜਿੱਤ ਤੂੰ
ਮੇਰੀ ਨਜ਼ਮ ਨੇ ਮੈਨੂੰ ਆਖਿਆ
ਕੱਲ ਦਰਦ ਵਿੰਨਿਆ ਉਹ ਸ਼ਖਸ ਇਕ
ਤੈਨੂੰ ਹਿਜਰੋ-ਗ਼ਮ 'ਚ ਹਰਾ ਗਿਆ

ਇਹ ਜੋ ਨਾਲ ਨਾਲ ਨੇ ਮਕਬਰੇ
ਇਕ ਪਿਆਸ ਦਾ ਇਕ ਨੀਰ ਦਾ
ਕੋਈ ਪਿਆਸ ਪਿਆਸੀ ਜੋ ਮਰ ਗਈ
ਮੇਰਾ ਨੀਰ ਤੜਪ ਕੇ ਮਰ ਗਿਆ

ਲੈ ਇਹ ਜਿਸਮ ਤੇਰਾ ਹੈ ਸਾਂਭ ਲੈ
ਉਹਦਾ ਇਸ 'ਤੇ ਕੋਈ ਨਿਸ਼ਾਨ ਨਾ
ਤੂੰ ਨ ਢੂੰਡ ਉਸ ਨੂੰ ਵਜੂਦ 'ਚੋਂ
ਮੈਂ ਤਾਂ ਰੂਹ 'ਚ ਉਸ ਨੁੰ ਰਲਾ ਲਿਆ

ਮੇਰਾ ਖਾਬ ਹੰਝੂ 'ਚ ਢਲ ਗਿਆ
ਫਿਰ ਡਿੱਗ ਕੇ ਖਾਕ 'ਚ ਰਲ ਗਿਆ
ਤੂੰ ਯਕੀਨ ਕਰ ਉਹ ਚਲਾ ਗਿਆ
ਉਹਨੂੰ ਸਾਗਰਾਂ ਨੇ ਬੁਲਾ ਲਿਆ

ਬਣ ਲਾਟ ਬੇਲਾ ਸੀ ਬਲ ਰਿਹਾ
ਅਤੇ ਰੇਤ ਰੇਤ ਚਨਾਬ ਸੀ
ਇਹ ਅਜੀਬ ਕਿਸਮ ਦਾ ਖਾਬ ਸੀ
ਕਰੀਂ ਮਿਹਰ ਮੇਰਿਆ ਮਾਲਕਾ

ਕਿਸੇ ਰਾਗ ਵਿਚ ਵੈਰਾਗ ਨੂੰ
ਹੁਣ ਬਦਲ ਲੈ, ਉਠ ਜਾਗ ਤੁੰ
ਏਹੀ ਵਾਕ ਕਹਿ ਮੇਰੇ ਦਰਦ ਨੇ
ਹਰ ਰਾਤ ਮੈਨੂੰ ਜਗਾ ਲਿਆ

ਉਠ ਉੱਚੇ ਸੁੱਚੇ ਖਿਆਲ ਬੁਣ
ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ
ਕਿਸੇ ਹੋਰ ਨਾ ਤੈਨੂੰ ਬੋਚਣਾ
ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ

No posts

Comments

No posts

No posts

No posts

No posts