ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ's image
3 min read

ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ

Surjit PatarSurjit Patar
0 Bookmarks 668 Reads0 Likes


ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ
'ਕੱਲੇ 'ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ

ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ
ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ
ਜੰਗਲ ਜਿਸ 'ਚੋਂ ਹਰ ਕੋਈ ਅਪਣੀ ਪੌੜੀ ਘੜਦਾ ਸੀ
ਜੰਗਲ ਜਿਹੜਾ ਬਾਲਣ ਬਣ ਕੇ ਘਰ ਘਰ ਸੜਦਾ ਸੀ

ਉਸ ਵਿਚ ਫ਼ੈਲੀ ਅੱਗ ਤਾਂ ਕਿਸ ਦੇ ਜ਼ਿੰਮੇ ਲਾਵਾਂ ਮੈਂ

ਉਹ ਜੰਗਲ ਜੋ ਖ਼ੁਸ਼ਬੋਆਂ ਦਾ ਢੋਆ ਵੰਡਦਾ ਸੀ
ਉਹ ਜੰਗਲ ਜੋ ਫੁੱਲਾਂ ਦੇ ਸੰਗ ਹਰ ਰੁੱਤ ਰੰਗਦਾ ਸੀ
ਉਹ ਜੰਗਲ ਜੋ ਸਿਰ 'ਤੇ ਕਲਗੀ ਕੋਂਪਲ ਟੰਗਦਾ ਸੀ
ਮੰਗਦਾ ਸੀ ਤਾਂ ਕੇਵਲ ਅਪਣਾ ਪਾਣੀ ਮੰਗਦਾ ਸੀ

ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ

ਜਦ ਜੰਗਲ ਨੇ ਸ਼ਹਿਰ ਤੇਰੇ ਦੀਆਂ ਜੇਲ੍ਹਾਂ ਭਰੀਆਂ ਸਨ
ਤਦ ਜੰਗਲ ਤੋਂ ਮਹਿਲ ਤੇਰੇ ਦੀਆਂ ਕੰਧਾਂ ਡਰੀਆਂ ਸਨ
ਤੂੰ ਜੰਗਲ ਨੂੰ ਕੋਲ ਬਿਠਾ ਫਿਰ ਗੱਲਾਂ ਕਰੀਆਂ ਸਨ
ਕੌਣ ਸੀ ਜਿਸਦੀਆਂ ਗੱਲਾਂ ਕਸਵੱਟੀ ਤੋਂ ਡਰੀਆਂ ਸਨ

ਜੋ ਕਸਵੱਟੀਓਂ ਡਰੀਆਂ ਖ਼ਰੀਆਂ ਕਿਉਂ ਮੰਨ ਜਾਵਾਂ ਮੈਂ

ਮੰਨਿਆਂ ਮੈਂ ਜੰਗਲ ਹਾਂ ਵਸਦਾ ਵਿਚ ਜਹਾਲਤ ਦੇ
ਤੈਨੂੰ ਮਾਣ ਬਹੁਤ ਨੇ ਤਰਕ ਦਲੀਲ ਵਕਾਲਤ ਦੇ
ਮੈਂ ਜਿਸ ਦੇ ਕਾਬਲ ਹਾਂ ਮੈਨੂੰ ਓਹੀ ਜ਼ਲਾਲਤ ਦੇ
ਜੰਗਲ ਕਹਿੰਦਾ ਮਸਲਾ ਲੈ ਚਲ ਵਿਚ ਅਦਾਲਤ ਦੇ

ਇਹ ਵੀ ਨਾ-ਮਨਜ਼ੂਰ ਤਾਂ ਕਿਹੜਾ ਦਰ ਖੜਕਾਵਾਂ ਮੈਂ

ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਫਿਜ਼ਾ ਦਿੱਤੀ
ਜੰਗਲ ਵਿਚੋਂ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ
ਕੰਡੇ ਕੰਡੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ
ਕੁਝ ਕੰਡਿਆਂ ਵਿਚ ਕੁਲ ਜੰਗਲ ਦੀ ਗੱਲ ਉਲਝਾ ਦਿੱਤੀ

ਜੇ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ

ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ 'ਚ ਫਾਇਦਾ ਸੀ
ਜੰਗਲ ਦੇ ਵਿਚ ਕੰਡੇ ਹੋਰ ਉਗਾਉਣ 'ਚ ਫਾਇਦਾ ਸੀ
ਇਸ ਜੰਗਲ ਨੂੰ ਜੰਗਲ ਹੋਰ ਬਣਾਉਣ 'ਚ ਫਾਇਦਾ ਸੀ
ਤੇ ਫਿਰ ਉਚੇ ਚੜ੍ਹ ਕੇ ਰੌਲਾ ਪਾਉਣ 'ਚ ਫਾਇਦਾ ਸੀ

ਦੇਖੋ ! ਦੇਖੋ !! ਇਕ ਭਿਆਨਕ ਵਣ ਦਿਖਲਾਵਾਂ ਮੈਂ

ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ
ਕੁਝ ਰੁੱਖਾਂ ਨੇ ਜਿਸ ਦਹਿਸ਼ਤ ਦਾ ਰਾਹ ਅਪਣਾਇਆ ਸੀ
ਤੇ ਜਿਸਦਾ ਜੰਗਲ ਨੂੰ ਮਿਹਣਾ ਮੁੜ ਮੁੜ ਆਇਆ ਸੀ
ਇਉਂ ਤੂੰ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ

ਤੂੰ ਕਿਉਂ ਗੁੱਸੇ ਹੁਣ ਜਦ ਓਹੀ ਪੀਰ ਧਿਆਵਾਂ ਮੈਂ

ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਸਨ
ਉਹ ਸ਼ਾਇਦ ਇਸ ਰਸਤੇ ਨੂੰ ਬਦਲਾਉਣਾ ਚਾਹੁੰਦੇ ਸਨ
ਡਰਦੇ ਸਨ ਬੇਚਾਰੇ ਡਰਦੇ ਹੱਥ ਨਾ ਪਾਉਂਦੇ ਸਨ
ਉਹ ਗੱਲ ਵੱਖਰੀ ਨਿਰਭਇਤਾ ਦੇ ਸ਼ਬਦ ਸਿਖਾਉਂਦੇ ਸਨ

ਸਬਕ ਉਨ੍ਹਾਂ ਦੇ ਉਨ੍ਹਾਂ ਅੱਗੇ ਕੀ ਦੁਹਰਾਵਾਂ ਮੈਂ

ਇਸ ਮਨ ਚਾਹੀ ਸਿਖਰ ਤੇ ਜਦ ਤੂੰ ਖੇਲ੍ਹ ਪੁਚਾ ਦਿੱਤਾ
ਦਹਿਸ਼ਤ ਤਾਈਂ ਸਾਰੇ ਜੰਗਲ ਦੇ ਸਿਰ ਪਾ ਦਿੱਤਾ
ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ
ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਭੁਆ ਦਿੱਤਾ

ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ

ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ
ਇਸ ਧੁਖ਼ਦੇ ਨੂੰ ਧੂਣੀ ਵਾਂਗੂੰ ਸੇਕਣ ਆਇਆ ਏ
"ਖੌਫ਼ਨਾਕ" ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ
ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ

ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ

ਬੂਟਾ ਬੂਟਾ ਇਸ ਜੰਗਲ ਵਿਚ ਰਲ ਵੀ ਸਕਦਾ ਹੈ
ਇਹ ਜੰਗਲ ਜੋ ਧੁਖ਼ਦਾ ਹੈ ਇਹ ਬਲ ਵੀ ਸਕਦਾ ਹੈ
ਬਲਦਾ ਬਲਦਾ ਮਹਿਲਾਂ ਵੱਲ ਨੂੰ ਚਲ ਵੀ ਸਕਦਾ ਹੈ
ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਟਲ ਵੀ ਸਕਦਾ ਹੈ

ਐਪਰ ਕਿੱਥੋਂ ਲੈ ਆਵਾਂ ਘਨਘੋਰ ਘਟਾਵਾਂ ਮੈਂ

ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ
'ਕੱਲੇ 'ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ

No posts

Comments

No posts

No posts

No posts

No posts