ਪਿਤਾ ਵਲੋਂ ਪੁਤਰ ਨੂੰ ਸੂਚਨਾ's image
10 min read

ਪਿਤਾ ਵਲੋਂ ਪੁਤਰ ਨੂੰ ਸੂਚਨਾ

Dhani Ram ChatrikDhani Ram Chatrik
0 Bookmarks 115 Reads0 Likes


(ਮੌਲਾਨਾ ਹਾਲੀ ਦੀ ਉਰਦੂ ਨਜ਼ਮ ਦਾ ਉਤਾਰਾ)

ਮਾਪਿਆਂ ਦਾ ਪੁੱਤ ਸੀ ਇਕ ਲਾਡਲਾ,
ਜਿੰਦ ਅੰਮਾਂ ਦੀ, ਸਹਾਰਾ ਬਾਪ ਦਾ ।
ਪਰਚਦੇ ਸਨ ਜੀ, ਉਸੇ ਇਸ ਬਾਲ ਨਾਲ,
ਚਾਨਣਾ ਸੀ ਘਰ ਉਸੇ ਇਕ ਲਾਲ ਨਾਲ ।
ਵਾਲ ਵਿੰਗਾ ਜੇ ਕਦੇ ਹੋਵੇ ਉਦ੍ਹਾ,
ਮੱਛੀ ਵਾਂਗਰ ਤੜਫਦੇ ਮਾਤਾ ਪਿਤਾ ।
ਰਾਤ ਦਿਨ ਸਦਕੇ ਉਦ੍ਹੇ ਲੈਂਦੇ ਰਹਿਨ,
ਜਾਨ ਤੱਕ ਤੋਂ ਉਸ ਲਈ ਤੱਯਾਰ ਸਨ ।
ਲਾਡਾਂ ਚਾਵਾਂ ਦੇ ਪੰਘੂੜੇ ਖੇਡਦਾ,
ਦਸ ਵਰ੍ਹੇ ਦੀ ਉਮਰ ਨੂੰ ਅੱਪੜ ਪਿਆ ।
ਵਿੱਦਿਆ ਪਟੜੀ ਤੇ ਚੜ੍ਹਿਆ ਨਾ ਅਜੇ,
ਚਾਰ ਅੱਖਰ ਭੀ ਓ ਪੜ੍ਹਿਆ ਨਾ ਅਜੇ ।
ਮਾਪਿਆਂ ਦਾ ਜ਼ੋਰ ਭੀ ਕੁਝ ਘੱਟ ਸੀ,
ਹੁੰਦਾ ਜਾਂਦਾ ਇੰਝ ਚੌੜ ਚੁਪੱਟ ਸੀ ।
ਪੜ੍ਹਨ ਤੋਂ ਸੀ ਇਸ ਤਰ੍ਹਾਂ ਕਣਿਆਉਂਦਾ,
ਕਾਂ ਗੁਲੇਲੇ ਤੋਂ ਜਿਵੇਂ ਘਬਰਾਉਂਦਾ ।
ਪਾ ਕੇ ਦਿਨ ਉਸ ਤੇ ਜਵਾਨੀ ਜਦ ਚੜ੍ਹੀ,
ਰੰਗ ਤਦ ਲੈ ਆਈ ਘਾਉਲ ਓਸ ਦੀ ।
ਲਾਡ ਦੀ ਕਰਤੂਤ ਸਾਰੀ ਘੁਲ ਗਈ,
ਮਾਪਿਆ ਦੀ ਟਹਿਲ ਸੇਵਾ ਭੁਲ ਗਈ ।
ਸਾਹਮਣੇ ਹਰ ਗੱਲ ਵਿਚ ਬੋਲਣ ਲਗਾ,
ਸ਼ਰਮ ਨੂੰ ਅੱਖਾਂ ਵਿਚ ਡੋਲਣ ਲਗਾ ।
ਮੋੜ ਸੇਵਾ ਦੇ ਤਾਂ ਕੀ ਸਨ ਮੋੜਨੇ,
ਲਗ ਪਿਆ ਉਲਟਾ ਸਗੋਂ ਤੋੜਨੇ ।
ਖੱਲੜੀ ਵਿਚ ਖ਼ੌਫ ਰੱਤੀ ਨਾ ਰਿਹਾ,
ਪੱਲੇ ਨਾ ਬੰਨ੍ਹੇ ਕਿਸੇ ਦੀ ਸਿੱਖਿਆ ।
ਧਨ ਬਿਲੋੜਾ ਬਾਹਰ ਜਾਇ ਉਜਾੜਦਾ,
ਮਾਪਿਆਂ ਨੂੰ ਤਾਉ ਦੇ ਦੇ ਸਾੜਦਾ ।
ਵੱਡਿਆਂ ਦੀ ਮੱਤ ਲੈਣੋਂ ਨੱਸਦਾ,
ਆਖਦੇ ਤਾਂ ਪੰਜ ਪੱਥਰ ਕੱਸਦਾ ।
ਭੈੜਿਆਂ ਦੇ ਨਾਲ ਗੋਸ਼ਟ ਹੋ ਗਈ,
ਜਾਕੇ ਬੈਠਾ ਨਾ ਭਲੀ ਬੈਠਕ ਕਦੀ ।
ਸ਼ਹਿਰ ਵਿਚ *ਲਟੋਰ* ਨਾਂ ਉਸਦਾ ਪਿਆ ,
ਅਰ ਤਮਾਸ਼ਾ ਘਰ ਟਿਕਾਣਾ ਬਣ ਗਿਆ ।
ਮੱਤ ਦਾ ਡਰ ਜਿਸ ਟਿਕਾਣੇ ਸਮਝਦਾ,
ਓਸ ਰਾਹੋਂ ਭੁੱਲ ਕੇ ਨਾ ਲੰਘਦਾ ।
ਸਿੱਖਿਆ ਤੋਂ ਸੀ ਸਦਾ ਘਬਰਾਉਂਦਾ,
ਛਾਂ ਭਲੇ ਲੋਕਾਂ ਦੀ ਹੇਠ ਨਾ ਆਉਂਦਾ ।
ਗੱਲ ਗੱਲ ਤੇ ਘਰ ਲੜਾਈ ਪਾ ਬਹੇ,
ਹਰ ਕਿਸੇ ਦੇ ਨਾਲ ਸਿੱਡਾ ਲਾ ਬਹੇ ।
ਸ਼ਾਨਤੀ ਤੇ ਧੀਰਜ ਠਰ੍ਹਮਾ ਨਾ ਰਹੇ,
ਤੁੱਛ ਜਿੰਨੀ ਗੱਲ ਨੂੰ ਨਾ ਜਰ ਸਕੇ ।
ਵਾਗ ਮਨ ਦੀ ਸਾਂਭਣੋਂ ਲਾਚਾਰ ਸੀ,
ਜੀਭ ਰੋਕਣ ਦਾ ਭੀ ਨਾ ਬਲਕਾਰ ਸੀ ।
ਉਸ ਦੇ ਕੰਡੇ ਸਭ ਨੂੰ ਪੈਂਦੇ ਸਾਂਭਣੇ,
ਡਰਦਿਆਂ ਪਰ ਹਸ ਨਾ ਸਕਣ ਸਾਹਮਣੇ,
ਅਸਲ ਵਿਚ ਉਹ ਕੁੱਖ ਭੈੜੀ ਦਾ ਨ ਸੀ,
ਪੱਟਿਆ ਹੋਇਆ ਸੀ ਬੈਠਕ ਚੰਦਰੀ ।
ਜਦ ਉਦ੍ਹਾ ਇਹ ਹਾਲ ਹੱਦੋਂ ਟੱਪਿਆ,
ਨੱਕ ਵਿਚ ਦਮ ਮਾਪਿਆਂ ਦਾ ਆ ਗਿਆ ।
ਬਾਪ ਨੇ ਤਦ ਸੱਦ ਕੋਲ ਬਹਾਇਆ,
ਨਾਲ ਮਿੱਠਤ ਦੇ ਉਹਨੂੰ ਸਮਝਾਇਆ ।
ਲਾਲ ! ਉਹ ਦਿਨ ਯਾਦ ਹਨ, ਜਾਂ ਭੁਲ ਗਏ,
ਜਦ ਇਹ ਜੋਬਨ ਤੇ ਜਵਾਨੀ ਕੁਛ ਨ ਸੇ ।
ਜਦ ਖਬਰ ਤੀਕ ਸੀ ਨ ਆਪਣੇ ਆਪ ਦੀ,
ਸੀ ਨਹੀਂ ਸਿੱਞਾਣ ਮਾਂ ਅਰ ਬਾਪ ਦੀ ।
ਰਾਖੀਆਂ ਸਨ ਕਰ ਰਹੇ ਮਾਤਾ ਪਿਤਾ,
ਆਪ ਸੌ ਇਕ ਮਾਸ ਦਾ ਤਦ ਲੋਥੜਾ ।
ਨਾਮ ਮਾਤਰ ਨੂੰ ਇਹ ਸਾਰੇ ਅੰਗ ਸਨ,
ਹਿੱਲਣੋਂ ਜੁਲਣੋਂ ਪਰੰਤੂ ਤੰਗ ਸਨ ।
ਗਿੱਡ ਅੱਖਾਂ ਤੋਂ ਛੁਡਾ ਸਕਦੇ ਨ ਸੇ,
ਮੂੰਹ ਤੋਂ ਮੱਖੀ ਤੱਕ ਉਡਾ ਸਕਦੇ ਨ ਸੇ ।
ਅੱਗ ਜਲ ਦਾ ਫਰਕ ਨਹਿੰ ਸੇ ਜਾਣਦੇ,
ਵਿਹੁ ਤੇ ਅੰਮ੍ਰਿਤ ਨੂੰ ਨ ਮੂਲ ਪਛਾਣਦੇ ।
ਰਾਤ ਅਰ ਦਿਨ ਦਾ ਨਹੀਂ ਸੀ ਗਯਾਨ ਕੁਛ,
ਧੁੱਪ ਅਰ ਛਾਂ ਦੀ ਨ ਸੀ ਪਹਿਚਾਨ ਕੁਛ ।
ਭੁੱਖ ਨਾਲ ਬਿਚੈਨ ਹੋ ਜਾਂਦੇ ਸੇ, ਪਰ
ਅਪਨੀ ਬੇਚੈਨੀ ਦੀ ਨਾ ਪੈਂਦੀ ਖ਼ਬਰ ।
ਪਿਆਸ ਲਗਦੀ ਸੀ ਤਾਂ ਰੋ ਪੈਂਦੇ ਸਦਾ,
ਪਰ ਨ ਪਾਣੀ ਮੰਗਣਾ ਸੀ ਆਉਂਦਾ ।
ਖਾ ਲਿਆ ਜੋ ਕੁਝ ਅਸਾਂ ਦਿੱਤਾ ਖੁਆ,
ਪੀ ਲਿਆ ਜੋ ਕੁਝ ਅਸਾਂ ਦਿੱਤਾ ਪਿਆ ।
ਕੇਈ ਵਾਰੀ ਅੱਗ ਨੂੰ ਫੜ ਫੜ ਲਿਆ,
ਪਾਣੀ ਦੇ ਵਿਚ ਕੁੱਦਣੋਂ ਨਾ ਸੰਗਿਆ ।
ਇਹ ਲੜਾਕੀ ਜੀਭ ਕਿੱਥੇ ਸੀ ਤਦੋਂ ?
ਗੱਲ ਭੀ ਇਕ ਕਰਨ ਸੀ ਔਖੀ ਜਦੋਂ ?
ਸਭ ਨੂੰ ਰੋ ਰੋ ਕੇ ਤੂੰ ਦੇਂਦਾ ਸੀ ਜਗਾ,
ਆਪਣੇ ਪਰ ਰੋਣ ਦਾ ਨਾਹਿੰ ਸੀ ਪਤਾ ।
ਦੁੱਖ ਦਾ ਦਾਰੂ ਪਿਲਾਂਦੇ ਸਾਂ ਜਦੋਂ,
ਰੋ ਕੇ ਘਰ ਸਿਰ ਪਰ ਉਠਾਂਦਾ ਸੈਂ ਤਦੋਂ,
ਠੰਢ ਵਿਚ ਲੀੜੇ ਅਸਾਂ ਜਦ ਪਾਉਣੇ,
ਤੂੰ ਘੜੀ ਵਿਚ ਖੇਹ ਨਾਲ ਰੁਲਾਉਣੇ ।
ਸੂਗ ਮਿੱਟੀ ਚਿੱਕੜੋਂ ਕਰਦਾ ਨ ਸੀ,
ਗੰਦਗੀ ਅਰ ਮੈਲ ਤੋਂ ਡਰਦਾ ਨ ਸੀ,
ਮਾਉਂ ਨੇ ਸਭ ਗੰਦ ਮੰਦ ਸਮੇਟਣਾ,
ਗਿਲੇ ਥਾਉਂ ਚੁੱਕ, ਓਥੇ ਲੇਟਣਾ ।
ਉਸ ਸਮੇਂ ਮਾਪੇ ਨ ਹੁੰਦੇ ਜੇ ਕਦੇ,
ਏਸ ਦੁੱਖ ਨੂੰ, ਲਾਲ ਜੀ ! ਤਦ ਸਮਝਦੇ ।
ਹਾਲ ਦਿਲ ਦਾ ਕਹਿਣ ਦੀ ਤਾਕਤ ਨ ਸੀ,
ਰੋਣ ਬਾਝੋਂ ਆਉਂਦਾ ਸੀ ਹੋਰ ਕੀ ?
ਭੁੱਖ ਤਰੇਹ ਜਿਸ ਵਕਤ ਸੀਗੀ ਲੱਗਦੀ,
ਬੁੱਲੀਆਂ ਹੀ ਟੇਰ ਸਕਦੇ ਸੀ ਤੁਸੀਂ ।
ਪਰ ਅਸੀਂ ਸਾਂ ਅਟਕਲੋਂ ਲਖ ਜਾਉਂਦੇ,
ਬੁੱਝ ਦਿਲ ਦੀ, ਆਣ ਸਾਂ ਪਰਚਾਉਂਦੇ ।
ਪਯਾਸ ਥੀਂ ਆਤੁਰ ਜੇ ਪਾਂਦੇ ਸਾਂ ਅਸੀਂ,
ਬਿਨ ਕਹੇ ਪਾਣੀ ਪਿਆਂਦੇ ਸਾਂ ਅਸੀਂ ।
ਭੁੱਖ ਕਰਕੇ ਜੇ ਵਿਆਕੁਲ ਪਾਉਂਦੇ,
ਦੁੱਧ ਤੈਨੂੰ ਬਾਰ ਬਾਰ ਚੁੰਘਾਉਂਦੇ ।
ਰੂਪ ਸਨ ਮਾਲੂਮ ਸਾਰੇ ਆਪ ਦੇ,
ਸਮਝਦੇ ਸਾਂ ਸਭ ਇਸ਼ਾਰੇ ਆਪ ਦੇ ।
ਦੁਖ ਤੈਨੂੰ ਜੇ ਰਤੀ ਹੁੰਦਾ ਕਦੀ,
ਖਿੱਚ ਪੈਂਦੀ ਆਂਦਰਾਂ ਨੂੰ ਆਪ ਹੀ ।
ਭੁੱਲ ਸਾਨੂੰ ਜਾਂਦੀਆਂ ਸੁੱਤੇ ਸੁਧਾਂ,
ਦੌੜਦੇ ਫਿਰਦੇ ਸਾਂ ਵਾਂਗਰ ਪਾਗਲਾਂ ।
ਕੇਈ ਰਾਤਾਂ ਜਾਗ ਜਾਗ ਗੁਜ਼ਾਰੀਆਂ,
ਰਾਤਾਂ ਓਹ ਜੋ ਜੁੱਗਾਂ ਨਾਲੋਂ ਭਾਰੀਆਂ ।
ਹੋਰ ਤੀਵੀਂ ਦਾ ਨ ਪਰਛਾਵਾਂ ਛੁਹੇ,
ਮਾਂ ਦੀ ਛਾਤੀ ਨਾਲ ਰਹਿੰਦੇ ਚੰਬੜੇ ।
ਦੁੱਧ ਜੇਕਰ ਓਪਰਾ ਦਿੱਤਾ ਕਦੇ,
ਮੂੰਹ ਭੂਆ ਕੇ ਦੰਦ ਅੱਗੋਂ ਮੀਟਦੇ ।
ਮਾਂ ਨੇ ਪਰ ਗਲ ਇਸ ਤਰ੍ਹਾਂ ਸੀ ਲਾਇਆ,
ਦੁੱਖ ਸਹਿ ਕੇ ਆਪ ਦਾ ਸੁਖ ਚਾਹਿਆ ।
ਇੱਕ ਨਾ ਇੱਕ ਦੁੱਖ ਰਹਿੰਦਾ ਨਾਲ ਸੀ,
ਅੱਜ ਖਸਰਾ ਕੱਲ ਮਾਤਾ ਤੁੱਸਦੀ ।
ਸਿਆਣਿਆਂ ਦੇ ਪੈਰ ਜਾ ਜਾ ਪਕੜਦੇ,
ਨੱਕ ਗੋਡਾ ਦਿਉਤਿਆਂ ਦੇ ਰਗੜਦੇ ।
ਭੱਜੇ ਫਿਰਦੇ ਸਾਂ ਹਕੀਮਾਂ ਦੇ ਸਦਾ,
ਢੂੰਢਦੇ ਫਿਰਦੇ ਸਦਾ ਦਾਰੂ ਦਵਾ ।
ਸਿਆਣਿਆਂ ਜੋ ਮੰਗਿਆ ਸੋ ਪਾਇਆ,
ਲੌਂਦਿਆਂ ਰਕਮਾਂ ਦਰੇਗ ਨਾ ਆਇਆ ।
ਰੋਗ ਨੂੰ ਵਧਿਆ ਜਦੋਂ ਸਾਂ ਦੇਖਦੇ,
ਫਿਕਰ ਦੇ ਵਿਚ ਸਾਹ ਸਾਡੇ ਸੁੱਕਦੇ ।
ਰਾਤ ਦਿਨ ਪਿਉ ਗਰਕ ਚਿੰਤਾ ਵਿਚ ਸੀ,
ਮਾਂ ਦੀ ਆਂਦਰ ਨੂੰ ਭੀ ਪੈਂਦੀ ਖਿੱਚ ਸੀ ।
ਜੀ ਜਰਾ ਜਜਮਾਲਿਆ ਜੇ ਜਾਉਂਦਾ,
ਚੈਨ ਨਾ ਸਾਨੂੰ ਭੀ ਪਲ ਭਰ ਅਉਂਦਾ ।
ਸੁੱਖਾਂ ਸੁਖਦੇ ਤੇਰੀਆਂ ਅੱਠੇ ਪਹਿਰ,
ਵੱਟ ਮੱਥੇ ਵੇਖ ਬਣਦੀ ਜਾਨ ਪਰ ।
ਤੇਰੀ ਖ਼ਾਤਰ ਦੁੱਖ ਤੇ ਦੁੱਖ ਉਠਾਇਆ,
ਦਸ ਬਰਸ ਤਕ ਚੈਨ ਪਲ ਨਾ ਪਾਇਆ ।
ਦੁੱਖ ਤੇਰੀ ਟਹਿਲ ਦੇ ਵਿਚ ਪਾਏ ਓਹ,
ਦੁਸ਼ਮਣਾਂ ਨੂੰ ਰੱਬ ਨਾ ਦਿਖਲਾਏ ਓਹ ।
ਆਵੇਗੀ ਸੇਵਾ ਅਸਾਡੀ ਯਾਦ ਤਾਂ,
ਆਪਣੇ ਘਰ ਹੋਇਗੀ ਔਲਾਦ ਜਾਂ ।
ਹੋਸ਼ ਆਈ ਸੂਤਕੋਂ ਜਦ ਨਿੱਕਲੇ,
ਫਿਰ ਫ਼ਿਕਰ ਹੋਈ ਕਿ ਇਹ ਕੁਛ ਪੜ੍ਹ ਲਵੇ ।
ਦੋ ਰਖੇ ਉਸਤਾਦ ਇਲਮ ਪੜ੍ਹਾਣ ਨੂੰ,
ਇੱਕ ਪੜ੍ਹਨਾ ਇੱਕ ਹਿਸਾਬ ਸਿਖਾਣ ਨੂੰ ।
ਪੰਜ ਇੱਕ ਨੂੰ, ਇੱਕ ਨੂੰ ਮਿਲਦੇ ਸੇ ਦਸ,
ਏਹ ਰਹੇ ਨੌਕਰ ਬਰਾਬਰ ਦੋ ਬਰਸ ।
ਅਪਨੇ ਅਪਨੇ ਕੰਮ ਵਿਚ ਹੁਸ਼ਿਆਰ ਸਨ,
ਪਰ ਤੇਰੇ ਹੱਥੋਂ ਹੋਏ ਲਾਚਾਰ ਸਨ ।
ਦੋਵੇਂ ਅਪਨਾ ਜ਼ੋਰ ਸਾਰਾ ਲਾ ਥਕੇ,
ਤੈਨੂੰ ਪਰ ਅੱਖਰ ਨ ਇੱਕ ਪੜ੍ਹਾ ਸਕੇ ।
ਖੇਡ ਤੋਂ ਭੀ ਵਿਹਲ ਨਹਿੰ ਸੀ ਆਉਂਦੀ,
ਲਿਖਣ ਪੜ੍ਹਨੋਂ ਜਾਨ ਸੀ ਘਬਰਾਉਂਦੀ ।
ਮੁਫਤ ਦੀ ਚੱਟੀ ਅਸੀਂ ਭਰਦੇ ਰਹੇ,
ਦੋ ਵਰ੍ਹੇ ਤੱਕ ਟਹਿਲ ਭੀ ਕਰਦੇ ਰਹੇ ।
ਪਰ ਜਦੋਂ ਤੂੰ ਕੱਖ ਭੀ ਨ ਸਿੱਖਿਆ,
ਦੇ ਕੇ ਕੁਛ ਦੋਹਾਂ ਨੂੰ ਮੱਥਾ ਟੇਕਿਆ ।
ਪਲ ਕੇ ਜਦ ਆਈ ਜਵਾਨੀ ਸੁੱਖ ਨਾਲ,
ਵਯਾਹ ਦੇ ਭਾਰੇ ਦਾ ਆਇਆ ਤਦ ਖਿਆਲ ।
ਹੁੰਦੀਆਂ ਸਨ ਜਾਤ ਵਿਚ ਕੁੜਮਾਈਆਂ,
ਵਯੌਹੜੀਆਂ ਭੀ ਦੇਖੀਆਂ ਦਿਖਲਾਈਆਂ ।
ਗਹਿਣੇ ਕਪੜੇ ਦਾ ਨ ਬਹੁਤ ਰਿਵਾਜ ਸੀ,
ਪੈਸਿਆਂ ਦੇ ਨਾਲ ਹੁੰਦਾ ਕਾਜ ਸੀ ।
ਜੇ ਅਸੀਂ ਭੀ ਘਰ ਬਚਾਣਾ ਚਾਹੁੰਦੇ,
ਛੈਣਿਆਂ ਦੇ ਨਾਲ ਪੁੱਤ ਵਿਆਹੁੰਦੇ ।
ਪਰ ਅਸਾਂ ਜੀ ਆਪਣੇ ਵਿਚ ਸੋਚਿਆ,
ਇੱਕ ਪੁੱਤਰ ਫੇਰ ਭੀ ਉਹ ਲਾਡਲਾ ।
ਲੱਗ ਜਾਵੇ ਭਾਵੇਂ ਸਾਰੀ ਜਾਇਦਾਦ,
ਵਜ ਵਜਾ ਕੇ ਵੇਖ ਲਈਏ ਪਰ ਮੁਰਾਦ ।
ਐਸ ਵੇਲੇ ਭੀ ਜੇ ਲੱਥੀ ਰੀਝ ਨਾ,
ਹੋਰ ਕਿਹੜੇ ਵਯਾਹ ਕਰਨੇ ਨੇ ਅਸਾਂ ।
ਫੇਰ ਇਹ ਦਿਨ ਹੱਥ ਕਿੱਥੋਂ ਆਇਗਾ,
ਜੀ ਦੇ ਵਿਚ ਅਰਮਾਨ ਇਕ ਰਹਿ ਜਾਏਗਾ ।
ਧਾਰ ਕੇ ਇਹ ਨੀਤ ਵਿਆਹ ਰਚਾਇਆ,
ਜੋ ਭੀ ਸਰ ਬਣ ਸਕਿਆ ਸੋ ਲਾਇਆ ।
ਯਾਦ ਜੇਕਰ ਨਾ ਹੋਵੇ ਆਪਣਾ ਵਿਆਹ,
ਸ਼ਹਿਰ ਦੇ ਛੋਟੇ ਵਡੇ ਹਨ ਸਭ ਗਵਾਹ ।
ਜਾਣਦੇ ਨੇ ਸਭ ਸ਼ਰੀਕੇ ਦੇ ਭਰਾ,
ਧਨ ਕਿਵੇਂ ਸੀ ਪਾਣੀ ਵਾਂਗੂੰ ਰੋੜ੍ਹਿਆ ।
ਦੇਣ ਲੱਗੇ ਕੁਝ ਨਾ ਸਰਫ਼ਾ ਛੱਡਿਆ,
ਜਿਸ ਨੂੰ ਦਿੱਤਾ, ਖੋਲ੍ਹ ਕੇ ਦਿਲ ਦੇ ਲਿਆ ।
ਅਗਲੀ ਅਰ ਪਿਛਲੀ ਪੁਰਾਣੀ ਤੇ ਨਈ,
ਜੰਦਰੇ ਵਿਚ ਰਾਸ ਪੂੰਜੀ ਪੈ ਗਈ ।
ਰੋਕੜੀ ਜੋ ਭਾਰ ਸੀ ਬਜ਼ਾਰ ਦਾ,
ਉਹ ਤਾਂ ਹੌਲਾ ਹੋ ਗਿਆ ਭਾਵੇਂ ਬੜਾ ।
ਪਰ ਜੋ ਹੈ ਜੈਦਾਦ ਤਦ ਦੀ ਫਸ ਚੁਕੀ,
ਅੱਜ ਤਕ ਸੜਦਾ ਹੈ ਜੀ ਉਸ ਦੇ ਲਈ ।
ਹੈ ਬਹੁਤ ਉਸ ਦੇ ਛੁਡਾਉਣ ਦਾ ਧਿਆਨ,
ਪਰ ਨਹੀਂ ਬਣਦਾ ਕੋਈ ਇਸਦਾ ਸਮਾਨ ।
ਘਰ ਦੇ ਵਿਚ ਜੋ ਹੈ ਤੰਗੀ ਹੋ ਰਹੀ,
ਤੇਰੀ ਖਾਤਰ ਹੀ ਮੁਸੀਬਤ ਹੈ ਪਈ ।
ਜ਼ਰ ਤੇ ਜਿੰਦੋਂ ਵੱਧ ਕੇ ਨਾ ਕੋਈ ਚੀਜ਼,
ਆਦਮੀ ਨੂੰ ਹੋਇ ਦੁਨੀਆਂ ਵਿਚ ਅਜ਼ੀਜ਼ ।
ਜਾਨ ਭੀ ਦੇਣੋਂ ਨ ਮੂੰਹ ਨੂੰ ਮੋੜਿਆ,
ਧਨ ਭੀ ਤੈਥੋਂ ਵਾਰਨੇ ਕਰ ਛੋੜਿਆ ।
ਖਾਣ ਨੂੰ ਹੰਢਾਣ ਨੂੰ ਜੋ ਚਾਹਿਆ,
ਸੋਈ ਹਾਜ਼ਰ ਕਰ ਕੇ ਭਾਰਾ ਲਾਹਿਆ ।
ਗੱਡੀ ਘੋੜੇ ਚੜ੍ਹਨ ਨੂੰ ਤੈਨੂੰ ਜੁੜੇ,
ਦਾਸ ਟਹਿਲਾਂ ਕਰਨ ਨੂੰ ਤੈਨੂੰ ਜੁੜੇ ।
ਹੁਣ ਤੇਰਾ ਵੇਲਾ ਸੀ ਭਾਰਾ ਲਾਹਣ ਦਾ,
ਬੁੱਢੇ ਮਾਂ ਪਿਉ ਨੂੰ ਆਰਾਮ ਪੁਚਾਉਣ ਦਾ ।
ਖੂਬ ਉਸ ਸੇਵਾ ਦਾ ਫਲ ਪਹੁੰਚਾਇਓ !
ਮਾਣ ਸਾਡਾ ਖੂਬ ਰੱਖ ਦਿਖਾਇਓ !
ਫਲ ਇਹੋ ਸੀ ਓਸ ਘੁਲ ਘੁਲ ਮਰਨ ਦਾ ?
ਮੁੱਲ ਇਹ ਸੀ ਓਸ ਸੇਵਾ ਕਰਨ ਦਾ ?
ਅੱਖ ਵਿਚ ਰੱਤੀ ਨਹੀਂ ਪਿਉ ਦਾ ਲਿਹਾਜ,
ਮਾਉਂ ਨੂੰ ਝਿੜਕਨ ਲਗੇ ਆਵੇ ਨ ਲਾਜ ।
ਘਰ ਦਾ ਦੋ ਦੋ ਦਿਨ ਨ ਬੂਹਾ ਤੱਕਦੇ,
ਆ ਗਏ ਤਾਂ ਪੰਜ ਪੱਥਰ ਚੱਕਦੇ ।
ਬਾਹਰ ਹਰ ਥਾਂ ਛਿੜ ਪਈ ਚਰਚਾ ਤੇਰੀ,
ਆਖੀਓ ਭੈੜੀ ਤਾਂ ਸੁਣੀਓ ਈ ਬੁਰੀ ।
ਟਿਚਕਰਾਂ ਕਰਦੇ ਨੇ ਸਾਨੂੰ ਬਿਰਧ ਬਾਲ,
ਸਾਨੂੰ ਭੀ ਬਦਨਾਮ ਕੀਤੋ ਆਪ ਨਾਲ ।
ਮੂੰਹ ਨਹੀਂ ਹੁੰਦਾ ਕਿਸੇ ਦੇ ਰੂਬਰੂ,
ਮਿੱਟੀ ਦੇ ਵਿਚ ਮਿਲ ਗਈ ਹੈ ਆਬਰੂ ।
ਹੁਣ ਤਾਂ ਸਾਡਾ ਚੱਲਣਾ ਹੀ ਹੈ ਭਲਾ,
ਪਤ ਗਈ ਤਾਂ ਹੋਰ ਕੀ ਬਾਕੀ ਰਿਹਾ ।
ਮੇਰਾ ਤੈਨੂੰ ਯਾਦ ਹੈ ਸਾਰਾ ਹਵਾਲ,
ਕਰਜ਼ ਵਿਚ ਬੱਧਾ ਹੈ ਵਾਲ ਵਾਲ ।
ਹੱਥ ਵਿਚ ਜ਼ਰ ਹੈ ਨ ਬਾਂਹ ਵਿਚ ਜ਼ੋਰ ਹੈ,
ਫ਼ਿਕਰ ਚਿੰਤਾ ਲੱਕ ਦਿੱਤਾ ਤੋੜ ਹੈ ।
ਹੁਣ ਤਾਂ ਹੈ ਇਹ ਜਿੰਦ ਸਾਹ ਵਰੋਲਦੀ,
ਮਰਨ ਖਾਤਰ ਥਾਂ ਪਈ ਹੈ ਟੋਲਦੀ ।
ਤੇਰੇ ਵਿਚ ਜੇ ਹੌਂਸਲਾ ਹੁੰਦਾ ਕਦੀ,
ਤਦ ਤਿਰੇ ਸਿਰ ਤੇ ਇਹ ਬਣਦਾ ਫਰਜ਼ ਸੀ ।
ਸਿਰ ਤੇ ਲੈਂਦੋਂ ਚੁੱਕ ਮੇਰੀ ਕਾਰ ਨੂੰ,
ਮੇਰੇ ਕੰਨ੍ਹੇ ਤੋਂ ਲਹਾਂਦੋਂ ਭਾਰ ਨੂੰ ।
ਜਿਸ ਤਰ੍ਹਾਂ ਕੀਤੀ ਅਸਾਂ ਸੇਵਾ ਤੇਰੀ,
ਬਾਂਹ ਫੜ ਲੈਂਦੋਂ ਤੂੰ ਸਾਡੀ ਇਸ ਘੜੀ ।
ਭਾਰ ਅਸਾਂ ਹੁਣ ਤੱਕ ਉਠਾਈ ਰੱਖਿਆ,
ਹੁਣ ਤੇਰਾ ਵੇਲਾ ਸੀ ਮੋਢਾ ਦੇਣ ਦਾ ।
ਸੁਖ ਅਸੀਂ ਭੀ ਦੇਖਦੇ ਸੰਤਾਨ ਦੇ,
ਲੋਕ ਕਰਦੇ ਜੱਸ ਕੁਲ ਦੀ ਸ਼ਾਨ ਦੇ ।
ਸੁੱਖ ! ਸਾਡੀ ਤਾਂ ਗੁਜ਼ਰ ਹੀ ਜਾਇਗੀ,
ਕੰਢੇ ਦਰਿਆ ਦੇ ਬਰੂਟੀ ਹੈ ਖੜੀ ।
ਤੂੰ ਤਾਂ ਹੈ ਪਰ ਉਮਰ ਏਥੇ ਕੱਟਣੀ,
ਹੁਣ ਅਜੇ ਸੁੱਖੀ ਜਵਾਨੀ ਹੈ ਚੜ੍ਹੀ ।
ਹੁਣ ਭੀ ਅਪਨੀ ਹੋਸ਼ ਸੰਭਲ, ਸਮਝ ਜਾ,
ਕੂੜੀ ਦੁਨੀਆਂ ਦੇ ਭੁਲੇਵੇ ਪਰ ਨ ਜਾ ।
ਖਿੰਡ ਗਈਆਂ ਬਹੁਤ ਹੁਣ ਰੁਸ਼ਨਾਈਆਂ,
ਕਦ ਤਲਕ ਆਖਰ ਇਹ ਬੇ-ਪਰਵਾਹੀਆਂ ?
ਖਾਣ ਖ਼ੇਡਣ ਦਾ ਜ਼ਮਾਨਾ ਹੋ ਚੁਕਾ,
ਨੀਂਦ ਆਲਸ ਦਾ ਬਹਾਨਾ ਹੋ ਚੁਕਾ ।
ਕਾਲ ਦਾ ਚੱਕਰ ਹੈ ਹਰ ਦਮ ਘਾਤ ਵਿਚ,
ਬਾਜ਼ੀ ਆਈ ਚਾਹੁੰਦੀ ਹੈ ਮਾਤ ਵਿਚ ।
ਘੁੱਸਿਆ ਵੇਲਾ ਕਦੀ ਮੁੜਨਾ ਨਹੀਂ,
ਦੇਖ ਭਾਈ ! ਫੇਰ ਇਹ ਜੁੜਨਾ ਨਹੀਂ ।
ਜੇ ਰਿਹੋਂ ਹੁਣ ਭੀ ਤੂੰ ਓਸੇ ਤਰ੍ਹਾਂ,
ਕਰ ਲਵੇਗਾ ਠੀਕ ਆਪੇ ਹੀ ਸਮਾਂ ।
ਤੱਕਲੇ ਦੇ ਵਾਂਗ ਸਿੱਧਾ ਕਰ ਲਊ,
ਠੇਡਿਆਂ ਦੇ ਨਾਲ ਅੱਗੇ ਧਰ ਲਊ ।
ਫਿਰ ਸੰਭਲਿਆ ਕੰਮ ਕਿਹੜੇ ਆਇਗਾ ?
ਜਦ ਸੰਭਲਿਆ ਨਾ ਸੰਭਲਿਆ ਜਾਇਗਾ ।
ਉੱਡਣੇ ਨੂੰ ਜੀ ਕਰੂ ਆਕਾਸ਼ ਵਲ,
ਰਹਿ ਨ ਜਾਏਗਾ ਪਰੰਤੂ ਬਾਂਹ ਬਲ ।
ਬੁੱਧਿ ਹੋਵੇਗੀ ਤੇ ਧਨ ਨਾ ਹੋਇਆ ।
ਕੋਈ ਭੀ ਪੂਰਾ ਜਤਨ ਨਾ ਹੋਇਗਾ ।
ਜਦ ਸਮਾਂ ਇਹ ਰੰਗਤਾਂ ਦਿਖਲਾਇਗਾ,
ਯਾਦ 'ਹਾਲੀ' ਦਾ ਕਿਹਾ ਤਦ ਆਇਗਾ ।

No posts

Comments

No posts

No posts

No posts

No posts