ਹਿੰਮਤ ਦੀ ਫਤਹਿ's image
4 min read

ਹਿੰਮਤ ਦੀ ਫਤਹਿ

Dhani Ram ChatrikDhani Ram Chatrik
0 Bookmarks 226 Reads0 Likes


ਪੰਜ ਕੁਦਰਤੀ ਤਾਕਤਾਂ ਇਕ ਦਿਨ ਪਰ੍ਹਾ ਜਮਾਣ,
ਹਰ ਇਕ ਆਪੋ ਆਪਣੀ ਲੱਗੀ ਸਿਫ਼ਤ ਸੁਣਾਨ ।

(1)

ਦੌਲਤ ਆਖੇ : ਜੱਗ ਦੀ ਮੈਂ ਕਾਰ ਚਲਾਵਾਂ,
ਜਿੱਧਰ ਜਾਵਾਂ, ਹੁੰਦੀਆਂ ਨੇ ਹੱਥੀਂ ਛਾਵਾਂ ।
ਦਿੱਸਣ ਸੱਤੇ ਬਰਕਤਾਂ, ਜਦ ਜਾਇ ਖਲੋਵਾਂ,
ਉੱਲੂ ਬੋਲਣ ਲੱਗਦੇ ਜੇ ਮੈਂ ਨਾ ਹੋਵਾਂ ।
ਮਾਇਆ ਮੇਰੀ ਤਖਤਿਆਂ ਤੋਂ ਤਖ਼ਤ ਬਣਾਵੇ,
ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ ।
ਐਬੀ ਮੂਰਖ ਘਾਤਕੀ ਤੇ ਨੀਚ ਨਿਗੱਲੇ,
ਢੱਕ ਲਵਾਂ ਸਭ ਐਬ ਮੈਂ ਟਕਿਆਂ ਦੇ ਥੱਲੇ ।

(2)

ਅਕਲ ਕਹੇ : ਤੂੰ ਛੱਡ ਨੀਂ ਝੂਠੀ ਵਡਿਆਈ,
ਤੈਨੂੰ ਪੈਦਾ ਕਰ ਰਹੀ ਮੇਰੀ ਦਾਨਾਈ ।
ਕਾਢਾਂ ਰਹਿੰਦੀ ਕਢਦੀ ਮੈਂ ਸੰਝ ਸਵੇਰੇ,
ਢੇਰ ਲਗਾਵਾਂ ਲੱਭ ਕੇ ਮਿੱਟੀ 'ਚੋਂ ਤੇਰੇ ।
ਖੋਤੇ ਦੇ ਗਲ ਲਾਲ ਦੀ ਮੈਂ ਪਰਖ ਸਿਖਾਵਾਂ,
ਮੂਰਖ ਖੇਹ ਰੁਲਾਈਓਂ ਸਾਂਭੀ ਦਾਨਾਵਾਂ ।
ਤੇਰਾ ਖੋਜ ਨ ਦਿਸਦਾ ਜੇ ਮੈਂ ਨਾ ਆਂਦੀ,
ਪੱਲੇ ਪੈ ਕੇ ਅਹਿਮਕਾਂ, ਪਈ ਧੱਕੇ ਖਾਂਦੀ ।

(3)

ਵਿਦਯਾ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ,
ਦੱਬੇ ਖਜ਼ਾਨੇ ਦਾਨਿਆਂ ਦੇ ਹੱਥ ਫੜਾਵਾਂ ।
ਇਕ ਅੜੇਸੇ ਕਲਮ ਦੀ, ਤਖਤੇ ਉਲਟਾਵਾਂ,
ਧਰਮ ; ਨਿਆਂ ਤੇ ਰੱਬ ਨੂੰ ਮੈਂ ਹੀ ਸਮਝਾਵਾਂ ।
ਦੌਲਤ ਵਾਲੇ ਆਲਮਾਂ ਦਾ ਭਰਦੇ ਪਾਣੀ,
ਮੇਰੇ ਹੱਥ ਹਕੂਮਤਾਂ ਦੀ ਕਲਾ ਭੁਆਣੀ ।
ਬੇ-ਇਲਮਾਂ ਨੂੰ ਮੰਗਿਆਂ ਭੀ ਖ਼ੈਰ ਨਾ ਪੈਂਦਾ,
ਕਲਮੋਂ ਲਹੂ ਜਹਾਨ ਦਾ ਨਿਤ ਸੁੱਕਾ ਰਹਿੰਦਾ ।

(4)

ਹੋਣੀ ਘੂਰੀ ਵੱਟ ਕੇ ਗੁੱਸੇ ਵਿਚ ਬੋਲੀ :
ਬੜ ਬੜ ਕੀ ਹੈ ਕਰ ਰਹੀ ਇਹ ਪਾਗਲ ਟੋਲੀ ?
ਬਖਸ਼ਸ਼ ਮੇਰੇ ਲੰਗਰੋਂ ਸਭ ਸੇ ਨੂੰ ਜੁੜਦੀ,
ਕਲਮ ਵਗੀ ਤਕਦੀਰ ਦੀ ਕਿਸ ਪਾਸੋਂ ਮੁੜਦੀ ?
ਵਗਦੇ ਵਹਿਣ ਸੁਕਾ ਦਿਆਂ, ਜਲ ਥਲੀਂ ਵਹਾਵਾਂ,
ਤਖਤੋਂ ਸੁੱਟ, ਸਜ਼ਾਦਿਆਂ ਤੋਂ ਭੱਠ ਝੁਕਾਵਾਂ ।
ਮੂੰਹ ਦੀ ਮੂੰਹ ਵਿਚ ਘੁੱਟ ਲਾਂ, ਜਦ ਘਿੱਟ ਮਰੋੜਾਂ,
ਵਾਗਾਂ ਜਾਣ ਨ ਠੱਲ੍ਹੀਆਂ, ਮੈਂ ਜਿੱਧਰ ਮੋੜਾਂ ।

(5)

ਹਿੰਮਤ ਉਠ ਕੇ ਸ਼ੇਰ ਜਿਉਂ, ਮਾਰੇ ਲਲਕਾਰਾ :
ਮੇਰੀ ਤਾਕਤ ਸਾਹਮਣੇ ਕੋਈ ਟਿਕਣ ਨ ਹਾਰਾ ।
ਢਾਲੇ ਨਿਤ ਨਸੀਬ ਨੂੰ ਮੇਰੀ ਕੁਠਿਆਲੀ,
ਫੁੱਲ ਖਿੜਾਵਾਂ ਕਿਸਮਤਾਂ ਦੀ ਸੁੱਕੀ ਡਾਲੀ ।
ਕਿਸਮਤ ਕਿਸਮਤ ਆਖ ਕੇ ਢਿਲੜ ਚਿਚਲਾਂਦੇ,
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ ।
ਹੱਡ ਨਾ ਹਿੱਲਣ ਆਪਣੇ ਕਿਸਮਤ ਨੂੰ ਰੋਂਦੇ,
ਚੁੰਘੀਆਂ ਭਰਦੇ ਹਿੰਮਤੀ, ਜਾ ਅਗ੍ਹਾਂ ਖਲੋਂਦੇ ।
ਸੁੱਤੇ ਲੇਖ ਬਹਾਦਰਾਂ, ਕਰ ਜੁਹਦ ਜਗਾਏ,
ਰੇਖੀਂ ਮੇਖਾਂ ਮਾਰ ਕੇ ਦਿਨ ਫੇਰ ਵਿਖਾਏ ।
ਕਿਸਮਤ ਵਲ ਦਲਿਦਰੀ ਪਿਆ ਬਿਟ ਬਿਟ ਵੇਖੇ,
ਨਕਦੋ ਨਕਦ ਚੁਕਾਂ ਮੈਂ, ਮਿਹਨਤ ਦੇ ਲੇਖੇ ।
ਔਕੜ ਕੇਡੀ ਆ ਪਏ, ਮੈਂ ਕਰਾਂ ਸੁਖਾਲੀ,
ਫੂਕਾਂ ਮਾਰ ਉਡਾ ਦਿਆਂ, ਕਿਸਮਤ-ਘਟ ਕਾਲੀ ।
ਗਜ਼ਨੀ ਵਿਚੋਂ ਠਿੱਲ੍ਹੀਆਂ, ਹਿੰਮਤ ਦੀਆਂ ਕਾਂਗਾਂ,
ਕਿਸਮਤ ਖੜੀ ਅੜੁੰਬ ਕੇ, ਮਹਿਮੂਦੀ ਸਾਂਗਾਂ ।
ਗੌਰੀ ਚੜ੍ਹਿਆ ਗੱਜ ਕੇ, ਜਦ ਘੱਤ ਵਹੀਰਾਂ,
ਕਿਸਮਤ ਪਾਟੀ ਅੱਗਿਓਂ, ਹੋ ਲੀਰਾਂ ਲੀਰਾਂ ।
ਜੈ ਚੰਦ ਆਪ ਵੰਗਾਰ ਕੇ ਲੰਕਾ ਲੁਟਵਾਈ,
ਨੱਕ ਨਕੇਲ ਗੁਲਾਮੀਆਂ ਦੀ ਵੱਟ ਪੁਆਈ ।
ਹਿੰਮਤ ਕੀਤੀ ਆਜੜੀ ਦਿੱਲੀ ਵਿਚ ਆ ਕੇ,
ਤਖ਼ਤ ਤਾਊਸ ਉਡਾਇਆ, ਕਤਲਾਮ ਮਚਾ ਕੇ ।
ਫੇਰ ਨਿਕਲ ਇਕ ਸੂਰਮੇ, ਤਲਵਾਰ ਚਲਾਈ,
ਹਿੰਮਤ ਕਾਬਲ ਜਾ ਵੜੀ ਪੈ ਗਈ ਦੁਹਾਈ ।
ਹਿੰਮਤ ਅੱਖਾਂ ਮੀਟੀਆਂ ; ਜਿਸ ਵੇਲੇ ਆ ਕੇ,
ਕਿਸਮਤ ਚੜ੍ਹੀ ਪੰਜਾਬ ਦੀ ਗੈਰਾਂ ਦੀ ਢਾਕੇ ।
ਧੌਲਾ ਬੱਦਲ ਉੱਠਿਆ ਇਕ ਲਹਿੰਦੀ ਗੁੱਠੋਂ,
ਲੱਭੀ ਖਾਣ ਯਕੂਤ ਦੀ, ਮਿੱਟੀ ਦੀ ਮੁੱਠੋਂ ।
ਕੋਠੀ ਆਣ ਬਪਾਰ ਦੀ ਹਿੰਮਤ ਨੇ ਪਾਈ,
ਕਿਸਮਤ ਹਿੰਦੁਸਤਾਨ ਦੀ ਓਹਨੇਂ ਪਲਟਾਈ ।
ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ੍ਹ ਖਲੋਵੇ,
ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ ।
ਨਿੱਯਤ ਘੜੇ ਮੁਰਾਦ ਨੂੰ ਲਾ ਹਿੰਮਤ ਤੌਣੀ,
ਪਾਣੀ ਵਾਂਗਰ ਵਗ ਤੁਰੇ, ਜੋ ਪਵੇ ਅੜੌਣੀ ।
ਪੱਕੀ ਨਿੱਯਤ ਧਾਰ ਕੇ ਜੋ ਚੌਣਾ ਚੱਕੇ,
ਰੱਬ ਭੀ ਚਾਤ੍ਰਿਕ ਓਸ ਦਾ ਫਲ ਰੋਕ ਨ ਸੱਕੇ ।

 

No posts

Comments

No posts

No posts

No posts

No posts