ਲੱਗੀ ਨਜ਼ਰ ਪੰਜਾਬ ਨੂੰ's image
2 min read

ਲੱਗੀ ਨਜ਼ਰ ਪੰਜਾਬ ਨੂੰ

Surjit PatarSurjit Patar
0 Bookmarks 2175 Reads0 Likes


ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ

ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦ੍ਹੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆ
ਬੀਤੇ ਸੰਗ ਸਾੜੋ ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।

No posts

Comments

No posts

No posts

No posts

No posts