ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ's image
1 min read

ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ

Surjit PatarSurjit Patar
0 Bookmarks 633 Reads0 Likes


ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ?
ਬੰਦੇ ਨੂੰ ਬਿਹਬਲ ਕਰਦੀਆਂ ਪਾਗਲ ਬਣਾਉਂਦੀਆਂ।

ਫ਼ਨੂਸ ਨੇ, ਇਹ ਸ਼ਮਾ ਹੈ, ਅਹੁ ਜੋਤ ਹੈ, ਇਹ ਲਾਟ
ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ।

ਲੂਣਾ ਅਗਨ, ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ।

ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ
ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ।

ਬੇਚੈਨੀਆਂ, ਗ਼ਮਗੀਨੀਆਂ, ਸੋਚਾਂ ਦੀ ਕੈਦ 'ਚੋਂ
ਸ਼ਾਇਰ ਨੂੰ ਅੰਤ ਉਸ ਦੀਆਂ ਨਜ਼ਮਾਂ ਛੁਡਾਉਂਦੀਆਂ।

ਪੱਤਿਆਂ ਦੇ ਪੈਰਾਂ ਵਿੱਚ ਨਾ ਜੇ ਪਾਜ਼ੇਬ ਪਾਉਂਦੀਆਂ
ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ।

ਹੁੰਦੇ ਨੇ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਹੇ
ਪੌਣਾਂ ਉਦਾਸ ਸਾਜ਼ ਫ਼ਿਰ ਕਿਹੜਾ ਵਜਾਉਂਦੀਆਂ।

ਡੁੱਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ
ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ।

No posts

Comments

No posts

No posts

No posts

No posts