
0 Bookmarks 1446 Reads0 Likes
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ
ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ
ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ
ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।
No posts
No posts
No posts
No posts
Comments