ਮੈਂ ਨਹੀਂ ਰਹਿਣਾ ਤੇਰੇ ਗਿਰਾਂ's image
5 min read

ਮੈਂ ਨਹੀਂ ਰਹਿਣਾ ਤੇਰੇ ਗਿਰਾਂ

Mohan SinghMohan Singh
0 Bookmarks 762 Reads1 Likes


ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਦੇਖ ਲਿਆ ਨੀ ਤੇਰਾ ਗਿਰਾਂ,
ਪਰਖ ਲਿਆ ਨੀ ਤੇਰਾ ਗਿਰਾਂ,
ਜਿੱਥੇ ਵੀਰ ਵੀਰਾਂ ਨੂੰ ਖਾਂਦੇ,
ਸਿਰੋਂ ਮਾਰ ਧੁੱਪੇ ਸੁੱਟ ਜਾਂਦੇ,
ਜਿੱਥੇ ਲੱਖ ਮਣਿਆਂ ਦਾ ਲੋਹਿਆ,
ਜ਼ੰਜੀਰਾਂ ਹੱਥਕੜੀਆਂ ਹੋਇਆ,
ਜਿੱਥੇ ਕੈਦ-ਖਾਨਿਆਂ ਜੇਹਲਾਂ
ਮੀਲਾਂ ਤੀਕ ਵਲਗਣਾਂ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ,
ਜਿੱਥੇ ਵਤਨ-ਪਰਸਤੀ ਤਾਈਂ,
ਜੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸਕਣ,
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ,
ਮੈਂ ਨਹੀਂ ਰਹਿਣਾ ਐਸੀ ਥਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਕੀ ਨਾ ਡਿੱਠਾ ਤੇਰੇ ਗਿਰਾਂ ?
ਕੀ ਨਾ ਸੁਣਿਆ ਤੇਰੇ ਗਿਰਾਂ ?
ਸਭ ਕੁਝ ਡਿੱਠਾ ਤੇਰੇ ਗਿਰਾਂ,
ਸਭ ਕੁਝ ਸੁਣਿਆ ਤੇਰੇ ਗਿਰਾਂ-
ਡੰਗਰਾਂ ਵਾਂਗੂੰ ਬੰਦੇ ਰੱਬ ਦੇ,
ਬੱਘੀਆਂ ਅੱਗੇ ਦੇਖੇ ਵੱਗਦੇ ।
ਖੋਪਰੀਆਂ ਦੇ ਥੜ੍ਹੇ ਚਿਣੀਂਦੇ,
ਉਤੇ ਲੋਕ ਨਮਾਜ਼ ਪੜ੍ਹੀਂਦੇ,
ਲੱਖਾਂ ਨਫ਼ਰ ਜਾਗਦੇ ਜੀਂਦੇ,
ਬਾਦਸ਼ਾਹਾਂ ਦੇ ਸੰਗ ਦਫ਼ਨੀਂਦੇ,
'ਈਸਾ' ਵਰਗੇ ਸੂਲੀ ਚੜ੍ਹਦੇ,
'ਹਸਨ ਹੁਸੈਨ' ਪਿਆਸੇ ਮਰਦੇ,
'ਨਾਨਕ' ਵਰਗੇ ਚੱਕੀਆਂ ਪੀਂਹਦੇ
'ਰਾਮ' ਜਿਹੇ ਬਨਵਾਸੀ ਥੀਂਦੇ,
ਹੋਰ ਨਾ ਹੁਣ ਮੈਂ ਦੇਖ ਸਕਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਬਹਿ ਨਾ ਐਵੇਂ ਬਣ ਬਣ ਵਹੁਟੀ,
ਤੂੰ ਤਾਂ ਕੁੜੀਏ ਨਹੁੰ ਨਹੁੰ ਖੋਟੀ ।
ਤੇਰੀਆਂ 'ਲੂਣਾਂ' ਵਰਗੀਆਂ ਅੱਖਾਂ,
'ਪੂਰਨ ਭਗਤ' ਦਿਲਾਂ ਦੇ ਲੱਖਾਂ,
ਠੋਡੀ ਦੇ ਖੂਹ ਅੰਦਰ ਪਾਏ,
ਨਾਲ ਤਸੀਹਿਆਂ ਦੇ ਤੜਫ਼ਾਏ ।
ਲਾ ਨਾ ਵਾਧੂ ਲੱਪੇ ਲਾਰੇ,
ਫੰਦ ਤੇਰੇ ਮੈਂ ਜਾਣਾ ਸਾਰੇ ।
ਲੈ ਫੜ ਆਪਣੀ ਸ਼ੁਹਰਤ ਫਾਨੀ,
ਦੇ ਮੈਨੂੰ ਮੇਰੀ ਗੁੰਮਨਾਮੀ ।
ਲੈ ਫੜ ਆਪਣੇ ਮਹਿਲ ਚੁਬਾਰੇ,
ਦੇ ਦੇ ਮੇਰੇ ਛੰਨਾਂ ਢਾਰੇ ।
ਲੈ ਲੈ ਆਪਣੀ ਨੜੀ ਨਵਾਬੀ,
ਦੇ ਦੇ ਮੈਨੂੰ ਮੇਰੀ ਆਜ਼ਾਦੀ ।
ਲੈ ਲੈ ਆਪਣੀ ਘਿਉ ਦੀ ਚੂਰੀ,
ਦੇ ਦੇ ਮੈਨੂੰ ਮਿਰੀ ਸਬੂਰੀ ।
ਲੈ ਲੈ ਆਪਣੀ ਕੁੜੇ ਅਮੀਰੀ,
ਦੇ ਦੇ ਮੈਨੂੰ ਮਿਰੀ ਫ਼ਕੀਰੀ ।
ਤੇਰੀ ਨਿੱਕੀ ਚੀਚੀ ਉਤੇ,
ਨਾਚ ਹਜ਼ਾਰਾਂ ਨੀ ਮੈਂ ਨੱਚੇ ।
ਹੋਰ ਨਾ ਹੁਣ ਮੈਂ ਨੱਚ ਸਕਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਹੁਣ ਤੇ ਨੀ ਮੈਂ ਈਹੋ ਚਾਹਾਂ
ਇਸ ਸ਼ੁਹਰਤ ਦੀ ਦੰਦੀ ਉਤੋਂ
ਮਾਰ ਦਿਆਂ ਮੈਂ ਛਾਲ ਹਿਠਾਂ
ਗੁੰਮਨਾਮੀ ਦੀ ਵਾਦੀ ਅੰਦਰ,
ਥੱਲੇ ਹੀ ਥੱਲੇ ਰੁੜ੍ਹਦਾ ਜਾਂ
ਹੋਰ ਹਿਠਾਂ…ਹੋਰ ਅਗਾਂਹ…ਹੋਰ ਪਰ੍ਹਾਂ…
ਮੁੱਕ ਜਾਵਣ ਜਿੱਥੇ ਪਗ ਡੰਡੀਆਂ,
ਰਹਿਣ ਨਾ ਮੁਲਕਾਂ ਦੀਆਂ ਵੰਡੀਆਂ,
ਦਿਸਣ ਨਾ ਜਿੱਥੇ ਹੱਦਾਂ ਪਾੜੇ,
ਮੇਰ ਤੇਰ ਤੇ ਖਾਖੋਵਾੜੇ
ਪਹੁੰਚ ਨਾ ਸਕਣ ਜਿੱਥੇ ਚਾਂਘਾਂ,
ਬਾਂਗ ਟੱਲਾਂ ਤੇ ਸੰਖਾਂ ਦੀਆਂ
ਚਾਰੇ ਤਰਫ ਆਜ਼ਾਦੀ ਹੋਵੇ,
ਮੂਲ ਨਾ ਕੋਈ ਮੁਥਾਜੀ ਹੋਵੇ,
ਜੋ ਦਿਲ ਆਵੇ ਪੰਛੀ ਗਾਵਣ,
ਚੁੰਮਣ ਤਿਤਲੀਆਂ ਜੋ ਫੁਲ ਚਾਹਵਣ,
ਚਾਹਣ ਜਿਧਰ ਮੁਸਕਾਵਣ ਕਲੀਆਂ
ਚਾਹਣ ਜਿਧਰ ਮੁੜ ਜਾਵਣ ਨਦੀਆਂ,
ਚਾਹਣ ਜਿਧਰ ਉਗ ਆਵਣ ਚੀਲਾਂ
ਚਾਹਣ ਜਿਧਰ ਚੜ੍ਹ ਜਾਵਣ ਵੇਲਾਂ,
ਇਸ ਆਜ਼ਾਦ ਫਿਜ਼ਾ ਦੇ ਅੰਦਰ
ਮੈਂ ਇੱਕ ਦੁਨੀਆਂ ਨਵੀਂ ਵਸਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਰਾਤ ਦੁਪਹਿਰੇ ਸੰਝ ਸਵੇਰੇ,
ਮਹਿਕਣ ਫੁੱਲ ਚੁਗਿਰਦੇ ਮੇਰੇ,
ਭੋਲੇ ਭੋਲੇ, ਪਿਆਰੇ ਪਿਆਰੇ,
ਨਿਆਣੇ ਨਿਆਣੇ, ਕੁਆਰੇ ਕੁਆਰੇ,
ਪਿਆਰ ਕਰਾਂ ਤੇ ਤਾਂ ਵੀ ਹੱਸਣ,
ਵੈਰ ਕਰਾਂ ਤੇ ਤਾਂ ਵੀ ਹੱਸਣ,
ਤੋੜ ਲਵਾਂ ਤੇ ਤਾਂ ਵੀ ਹੱਸਣ,
ਦੁਨੀਆਂ ਵਾਂਗ ਨਾ ਰੋਵਣ ਰੁੱਸਣ ।
ਬਿਨਾਂ ਖ਼ੌਫ਼ ਦੇ ਪੰਛੀ ਸਾਰੇ,
ਲੈਣ ਝਾਂਟੀਆਂ ਮੇਰੇ ਕੰਨ੍ਹਾੜੇ,
ਪਿੰਡੇ ਉੱਤੇ ਹੱਥ ਫਿਰਵਾ ਕੇ,
ਖੇਡਣ ਮੇਰੇ ਨਾਲ ਬਘੇਲੇ,
ਦੌੜ ਦੌੜ ਹਰਨੋਟੇ ਆਵਣ,
ਚੁੱਕ ਚੁੱਕ ਬੂਥੀ ਨੈਣ ਚੁੰਮਾਵਣ,
ਭੌਰ ਤਿਤਲੀਆਂ ਕੋਇਲਾਂ ਘੁੱਗੀਆਂ,
ਹਿੱਕ ਮੇਰੀ ਤੇ ਪਾਵਣ ਝੁੱਗੀਆਂ,
ਫੜ ਫੜ ਮੇਰੇ ਵਾਲ ਨਦਾਨ,
ਮਸਤ ਬੁਲਬੁਲਾਂ ਪੀਂਘਾਂ ਪਾਣ,
ਨਾਲੇ ਝੂਟਣ ਨਾਲੇ ਗਾਣ ।
ਯਾ ਮੈਂ ਹੋਵਾਂ ਯਾ ਇਹ ਹੋਵਣ,
ਯਾ ਫਿਰ ਹੋਵੇ ਰੱਬ ਦਾ ਨਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਏਦਾਂ ਹੀ ਗੁੰਮਨਾਮੀ ਅੰਦਰ,
ਚੁੱਪ ਚਪੀਤਾ ਮੈਂ ਮਰ ਜਾਂ ।
ਨਾ ਕੋਈ ਮੈਨੂੰ ਲੰਬੂ ਲਾਵੇ,
ਨਾ ਕੋਈ ਮੇਰੀ ਕਬਰ ਬਣਾਵੇ,
ਨਾ ਕੋਈ ਉੱਤੇ ਫੁੱਲ ਚੜ੍ਹਾਵੇ,
ਨਾ ਕੋਈ ਉੱਤੇ ਦੀਆ ਜਗਾਵੇ,
ਨਾ ਕੋਈ ਹੋਵੇ ਰੋਵਣ ਵਾਲਾ,
ਵੈਣ ਗ਼ਮਾਂ ਦੇ ਛੋਹਣ ਵਾਲਾ,
ਨਾ ਹੀ ਮੇਰੀ ਫੂਹੜੀ ਉੱਤੇ,
ਜਾਣ ਦੁਹਰਾਏ ਮੇਰੇ ਕਿੱਸੇ,
ਨਾ ਹੀ ਮੇਰੀ ਜਾਇਦਾਦ 'ਤੇ,
ਲਿਸ਼ਕਣ ਛਵੀਆਂ, ਖੜਕਣ ਸੋਟੇ,
ਚੁੱਪ ਚੁਪੀਤਾ ਮੈਂ ਮਰ ਜਾਂ,
ਕੋਈ ਨਾ ਜਾਣੇ ਮੇਰਾ ਨਾਂ,
ਮੇਰਾ ਥਾਂ, ਮੇਰਾ ਨਿਸ਼ਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

No posts

Comments

No posts

No posts

No posts

No posts