ਵਿਦਯਾ ਦੀ ਥੋੜ's image
4 min read

ਵਿਦਯਾ ਦੀ ਥੋੜ

Dhani Ram ChatrikDhani Ram Chatrik
0 Bookmarks 166 Reads0 Likes


ਹਿੰਦੁਸਤਾਨੀਆਂ ! ਜਾਗ ਕੇ ਮਾਰ ਝਾਤੀ,
ਤੇਰੇ ਜੀਉਣ ਦਾ ਅੱਜ ਕੋਈ ਹਾਲ ਭੀ ਹੈ ?
ਪੱਲੇ ਆਪਣੇ ਕੋਈ ਕਰਤੂਤ ਭੀ ਹੈ ?
ਗਲ਼ਦੀ ਕਿਸੇ ਮਹਿਫਲ ਅੰਦਰ ਦਾਲ ਭੀ ਹੈ ?
ਮਾਲਾ ਮਾਲ ਹੋ ਗਏ ਭਾਈਵਾਲ ਸਾਰੇ,
ਤੇਰੇ ਨਾਲ ਦਾ ਕੋਈ ਕੰਗਾਲ ਭੀ ਹੈ ?
ਖੇਡਾਂ ਵਿਚ ਕਰ ਲਈ ਬਰਬਾਦ ਬਾਜ਼ੀ,
ਬਾਕੀ ਰਹਿ ਗਈ ਅਜੇ ਕੋਈ ਚਾਲ ਭੀ ਹੈ ?
ਉੱਠ ! ਹੰਭਲਾ ਮਾਰ, ਬਲਬੀਰ ਸ਼ੇਰਾ !
ਦੁਨੀਆਂ ਵੇਖ ਕੀਕਣ ਛਾਲਾਂ ਮਾਰ ਰਹੀ ਏ,
ਪੜ੍ਹ ਪੜ੍ਹ ਵਿੱਦਿਆ, ਟੋਲਕੇ ਇੱਟ ਚੂਨਾ,
ਕਿਸਮਤ ਆਪਣੀ ਆਪੇ ਉਸਾਰ ਰਹੀ ਏ ।

ਤੂੰ ਔਲਾਦ ਹੈਂ ਉਨ੍ਹਾਂ ਉਪਕਾਰੀਆਂ ਦੀ,
ਜਿਨ੍ਹਾਂ ਵਿੱਦਿਆ ਦੇ ਲੰਗਰ ਲਾਏ ਹੋਏ ਸਨ ।
ਭੰਭਟ ਵਾਂਗ ਦੁਨੀਆਂ ਉਡ ਉਡ ਆ ਰਹੀ ਸੀ,
ਐਸੇ ਇਲਮ ਦੇ ਦੀਵੇ ਜਗਾਏ ਹੋਏ ਸਨ ।
ਤੇਰੇ ਬੋਹੜ ਦੀ ਵੇਖ ਕੇ ਛਾਉਂ ਠੰਢੀ,
ਡੋਰੇ ਮਿਸਰ ਯੂਨਾਨ ਨੇ ਪਾਏ ਹੋਏ ਸਨ ।
ਤੇਰੇ ਗਯਾਨ-ਬਗੀਚੇ ਦੀ ਮਹਿਕ ਲੁੱਟਣ,
ਭੌਰੇ ਸਾਰੇ ਜਹਾਨ ਦੇ ਆਏ ਹੋਏ ਸਨ ।
ਏਸ ਦੀਵੇ ਦੀ ਲੋ ਵਿਚ ਤੁਰਨ ਵਾਲੇ,
ਅੱਜ ਵਿਚ ਅਸਮਾਨ ਦੇ ਚਮਕ ਰਹੇ ਨੇ,
ਐੇਪਰ, ਹਾਇ ! ਕਿਸਮਤ ਐਸਾ ਗੇੜ ਖਾਧਾ,
ਤੇਰੇ ਆਪਣੇ ਚੀਥੜੇ ਲਮਕ ਰਹੇ ਨੇ ।

ਗਫਲਤ ਮਾਰਿਆ ! ਸੋਚ ਕੇ ਵੇਖ ਤਾਂ ਸਹੀ,
ਉਹ ਅਜ ਬੋਲਦੀ ਤੇਰੀ ਸਤਾਰ ਕਿਉਂ ਨਹੀਂ ?
ਤੇਰੇ ਸੋਨੇ ਦੀ ਖਾਣ ਦੀ ਪੁੱਛ ਕਿਉਂ ਨਹੀਂ,
ਤੇਰਾ ਮੰਡੀਆਂ ਵਿਚ ਇਤਬਾਰ ਕਿਉਂ ਨਹੀਂ ?
ਗਾਂਧੀ, ਬੋਸ, ਟੈਗੋਰ ਦੇ ਬੈਠਿਆਂ ਭੀ,
ਤੇਰੇ ਬਾਗ਼ ਵਿਚ ਫਿਰਦੀ ਬਹਾਰ ਕਿਉਂ ਨਹੀਂ ?
ਤੇਰੇ ਆਲ੍ਹਣੇ ਨੂੰ ਵੇਖ ਅੱਗ ਲੱਗੀ,
ਪਾਣੀ ਡੋਲ੍ਹਦਾ ਕੋਈ ਗ਼ਮਖ਼ਾਰ ਕਿਉਂ ਨਹੀਂ ?
ਮੇਰੀ ਜਾਚ ਵਿਚ ਵੈਰਨ ਅਵਿੱਦਿਆ ਨੇ,
ਇਸ ਫਰਯਾਦ ਵਿਚ ਅਸਰ ਨਹੀਂ ਰਹਿਣ ਦਿੱਤਾ,
*ਸੱਤ ਅੱਠ ਫੀ ਸਦੀ* ਦੇ ਡੱਕਿਆਂ ਨੇ,
ਤੇਰੀ ਨਦੀ ਨੂੰ ਅਗ੍ਹਾਂ ਨਹੀਂ ਵਹਿਣ ਦਿੱਤਾ ।

ਜਿਨ੍ਹਾਂ ਕੌਮਾਂ ਤੇ ਦੇਸ਼ਾਂ ਨੇ ਅਗ੍ਹਾਂ ਹੋ ਕੇ,
ਜੋਤ ਵਿੱਦਿਆ ਦੀ ਘਰ ਜਗਾ ਲਈ ਹੈ ।
ਓਨ੍ਹਾਂ ਕੁੰਜੀ ਖਜ਼ਾਨੇ ਦੀ ਪਾ ਲਈ ਹੈ,
ਕਿਸਮਤ ਆਪਣੀ ਉਨ੍ਹਾਂ ਪਲਟਾ ਲਈ ਹੈ ।
ਪੈਰ ਉਨ੍ਹਾਂ ਦੇ ਅੱਜ ਇਕਬਾਲ ਚੁੰਮੇ,
ਘਰ ਵਿਚ ਸੋਨੇ ਦੀ ਲੰਕਾ ਬਣਾ ਲਈ ਹੈ ।
ਰੱਬੀ ਤਾਕਤਾਂ ਮੁੱਠ ਵਿਚ ਮੀਟ ਲਈਆਂ,
ਸੋਭਾ ਖੱਟ ਲਈ, ਸ਼ਾਨ ਚਮਕਾ ਲਈ ਹੈ ।
ਤੂੰ ਪਰ ਹੁੰਦਿਆਂ ਸੁੰਦਿਆਂ ਮਾਲ ਘਰ ਵਿਚ,
ਚਾਨਣ ਬਾਝ ਵੇਖ ਨਾ ਸੱਕਦਾ ਹੈਂ,
ਐਸਾ ਘੁੱਸ ਕੇ ਤਾਲੋਂ ਬੇਤਾਲ ਹੋਇਓਂ,
ਟੁੱਕਰ ਵਾਸਤੇ ਬਿਟ ਬਿਟ ਤੱਕਦਾ ਹੈਂ ।

ਸੱਜਣ ! ਹੋਸ਼ ਕਰ ਕੁਝ, ਸਾਵਧਾਨ ਹੋ ਜਾ,
ਸੁੱਤੇ ਰਹਿਣ ਦਾ ਅਜ ਕਲ ਜ਼ਮਾਨਾ ਨਹੀਂ ਊਂ ।
ਵੇਲਾ ਛਲ ਗਿਆ ਫੇਰ ਨਹੀਂ ਹੱਥ ਔਣਾ,
ਸੁਣਨਾ ਕਿਸੇ ਨੇ ਤੇਰਾ ਬਹਾਨਾ ਨਹੀਂ ਊਂ ।
ਜਦ ਤੱਕ ਆਪਣੇ ਤਰਕਸ਼ ਵਿਚ ਤੀਰ ਹੈ ਨਹੀਂ,
ਤੈਥੋਂ ਫੁੰਡਿਆ ਜਾਣਾ ਨਿਸ਼ਾਨਾ ਨਹੀਂ ਊਂ ।
ਮਿਹਨਤ ਬਾਝ ਦਿਹਾੜੀਆਂ ਦੇਈ ਜਾਵੇ,
ਐਸਾ ਕੁਦਰਤਾਂ ਦਾ ਕਾਰਖਾਨਾ ਨਹੀਂ ਊਂ ।
ਤੇਰੀਆਂ ਬਾਹਾਂ ਵਿਚ ਜ਼ੋਰ ਨਹੀਂ ਵਿੱਦਿਆ ਦਾ,
ਓਧਰ ਕਲਮ ਨੇ ਕੁਦਰਤ ਭਰਮਾਈ ਹੋਈ ਏ,
ਸੱਭੇ ਬਰਕਤਾਂ ਉਨ੍ਹਾਂ ਦਾ ਭਰਨ ਪਾਣੀ,
ਜਿਨ੍ਹਾਂ ਵਿੱਦਿਆ ਦੇਵੀ ਰਿਝਾਈ ਹੋਈ ਏ ।

ਆਓ, ਵੀਰ ਜੀ ! ਜੋਤਰਾ ਲਾ ਸਾਂਝਾ,
ਏਸ ਤਾਣੀ ਨੂੰ ਪਹਿਲੇ ਸੁਲਝਾ ਲਈਏ ।
ਗੱਲਾਂ ਸਾਰੀਆਂ ਪਿੱਛੋਂ ਨਜਿੱਠ ਲਾਂਗੇ,
ਹਾਲੀ ਪੈਰਾਂ ਦੀ ਬਲਦੀ ਬੁਝਾ ਲਈਏ ।
ਇਸ ਅਵਿੱਦਿਆ ਦੀ ਬੇੜੀ ਕੱਟ ਲਈਏ,
ਘੁੰਮਣ-ਘੇਰ ਤੋਂ ਬੇੜਾ ਬਚਾ ਲਈਏ ।
ਜਿਹੜੀ ਦੇਵੀ ਨੂੰ ਦੇਸ਼ ਨੇ ਪੂਜਣਾ ਹੈ,
ਉਸ ਦੇ ਬਹਿਣ ਲਈ ਮੰਦਰ ਬਣਾ ਲਈਏ ।
ਖਾਣ ਹੀਰਿਆਂ ਦੀ ਜਿਸ ਦਿਨ ਲੱਭ ਲੀਤੀ,
ਉਸ ਦਾ ਮੁੱਲ ਭੀ ਝੋਲੀ ਪੁਆ ਲਵਾਂਗੇ ।
ਚਾਤ੍ਰਿਕ ਸੋਨੇ ਦਾ ਭਾਂਡਾ ਤਿਆਰ ਕਰ ਕੇ,
ਦੁੱਧ ਸ਼ੇਰਨੀ ਦਾ ਫਿਰ ਚੁਆ ਲਵਾਂਗੇ ।

No posts

Comments

No posts

No posts

No posts

No posts