ਇਕ ਦੇਵੀ ਦੀ ਯਾਦ's image
2 min read

ਇਕ ਦੇਵੀ ਦੀ ਯਾਦ

Dhani Ram ChatrikDhani Ram Chatrik
0 Bookmarks 156 Reads0 Likes


ਮਾਸੂਮ ਦਰਸ਼ਕ ਦੇ ਮੂੰਹੋਂ । ਇਕ ਅੰਗਰੇਜ਼ੀ ਕਵਿਤਾ
ਦੇ ਆਧਾਰ ਪਰ ਲਿਖੀ ਗਈ ।

(1)

ਨਿੱਕਿਆਂ ਹੁੰਦਿਆਂ ; ਮੈਂ ਇਕ ਵਾਰੀ,
ਦੇਖੀ ਸੀ ਉਹ ਕੰਜ ਕੁਮਾਰੀ ।
ਭੋਲੀ ਭੋਲੀ, ਪਿਆਰੀ ਪਿਆਰੀ,
ਦੁਨੀਆਂ ਦੇ ਵਲ ਛਲ ਤੋਂ ਨਿਆਰੀ !
ਪਹੁ ਫੁਟਦੀ ਹੈ ਜਿਵੇਂ ਸਵੇਲੇ,
ਖਿੜੀ ਖਿੜੀ ਜਾਪੇ ਹਰ ਵੇਲੇ,
ਤ੍ਰੇਲ ਬਸੰਤੀ ਵਾਂਗ ਰਸੀਲੀ,
ਨਿਰਮਲ, ਠੰਢੀ ਤੇ ਸ਼ਰਮੀਲੀ,
ਫੁੱਲ ਬਹਾਰੀ, ਗੁੱਡੀਆਂ ਖੇਨੂੰ,
ਮਿਲੇ ਹੋਏ ਸਨ ਸਾਥੀ ਏਨੂੰ,
ਫਿਕਰ ਨ ਫਾਕੇ ਨੇੜੇ ਢੁਕਦੇ,
ਖੇਡੀਂ ਚਾਈਂ ਦਿਹਾੜੇ ਮੁਕਦੇ ।
ਆਪਣੇ ਆਪ ਗੀਤ ਕੋਈ ਗਾ ਕੇ,
ਖਿੜ ਪੈਂਦਾ ਸੀ ਜੀ ਮੁਸਕਾ ਕੇ ।

(2)

ਫਿਰ ਦੇਖੀ ਮੈਂ ਦੂਜੀ ਵਾਰਾਂ,
ਉਠਦੀ ਉਮਰ, ਸਤਾਰਾਂ ਠਾਰਾਂ ।
ਲੰਮੀ, ਉੱਚੀ, ਛੈਲ ਨਰੋਈ,
ਸ਼ਾਦੀ ਲਾਇਕ ਹੋਈ ਹੋਈ ।
ਕੋਮਲ, ਸੁੰਦਰ, ਸਜੀ ਸ਼ਿੰਗਾਰੀ,
ਦਿਲ ਵਿਚ ਭਖੇ ਪ੍ਰੇਮ-ਚੰਗਿਆੜੀ ।
ਰੂਪ ਜਵਾਨੀ ਠਾਠਾਂ ਮਾਰੇ,
ਛੁਲਕੇ, ਡੁਲ੍ਹਕੇ, ਵਾਂਗਰ ਪਾਰੇ,
ਮਿੱਠੇ ਬੋਲ, ਅਵਾਜ਼ ਰਸੀਲੀ ।
ਅੱਖਾਂ ਦੇ ਵਿਚ ਭਾਹ ਸ਼ਰਮੀਲੀ ।
ਚੰਦਨ ਬਦਨੀ ਜਦ ਖਿੜ ਪੈਂਦੀ,
ਕਈ ਚਕੋਰਾਂ ਨੂੰ ਮੋਹ ਲੈਂਦੀ ।
ਪਰ ਨਸੀਬ ਸੀ ਇਕਸੇ ਜੀ ਦਾ ।
ਮਾਣ ਜਿਨੂੰ ਸੀ ਏਸ ਕਲੀ ਦਾ ।

(3)

ਕਈ ਸਾਲ ਹੋਰ ਜਦ ਬੀਤੇ,
ਫਿਰ ਮੈਂ ਉਸ ਦੇ ਦਰਸ਼ਨ ਕੀਤੇ ।
ਉਸ ਵੇਲੇ ਸੀ ਰੂਪ ਜਲਾਲੀ,
ਦਾਨੀ, ਸੁਘੜ, ਠਰੰਮੇ ਵਾਲੀ ।
ਪਰੇਮ-ਬਾਗ਼ ਦੀਆਂ ਖੁਸ਼ੀਆਂ ਮਾਣੇ,
ਕੰਤ-ਪਿਆਰੀ, ਧਰਮ ਪਛਾਣੇ ।
ਕਲੀਓਂ ਕੁਦਰਤ ਫੁੱਲ ਬਣਾਈ,
ਫੁਲੋਂ ਫ਼ਿਰ ਫਲ ਭੀ ਲੈ ਆਈ ।
ਅੰਸਾਂ ਵਾਲੀ, ਗੋਦ ਅਞਾਣਾ,
ਸਾਕੀਂ ਅੰਗੀਂ ਆਉਣਾ ਜਾਣਾ ।
ਦਿਨ ਸਾਈਂ ਨੇ ਐਸੇ ਫੇਰੇ,
ਭਾਗ ਲਗਾ ਸੀ ਚਾਰ ਚੁਫੇਰੇ ।
ਐਸੀ ਸੁਹਣੀ, ਪਿਆਰੀ, ਮਿੱਠੀ,
ਇਸ ਤੋਂ ਪਹਿਲੇ ਨਹਿੰ ਸੀ ਡਿੱਠੀ ।
ਫੇਰ ਅਖੀਰੀ ਦਰਸ਼ਨ ਪਾਇਆ,
ਜਦ ਦਰਗਾਹੋਂ ਸੱਦਾ ਆਇਆ ।
ਸਿਰ ਤੇ ਛਤਰ ਨੂਰਾਨੀ ਝੁੱਲੇ,
ਸੁਰਗਾਂ ਦੇ ਦਰਵਾਜ਼ੇ ਖੁਲ੍ਹੇ ।
ਰੱਬ ਉਦੇ ਵਿਚ ਵੱਸ ਰਿਹਾ ਸੀ,
ਚਿਹਰਾ ਖਿੜ ਖਿੜ ਹੱਸ ਰਿਹਾ ਸੀ ।
ਲੋੜਾਂ ਥੋੜਾਂ ਫਿਕਰ ਨ ਫਾਕੇ,
ਤੰਗ ਕਰਨ ਕੋਈ ਏਥੇ ਆ ਕੇ ।
ਨਾ ਡਰ ਖੌਫ ਕੋਈ ਉਸ ਵੇਲੇ,
ਮੁੱਕ ਗਏ ਸੰਸਾਰ-ਝਮੇਲੇ,
ਸ਼ਾਂਤ ਸਰੂਪ ਅਨੰਦਮਈ ਸੀ,
ਤਾਰੇ ਵਾਂਗਰ ਡਲਕ ਰਹੀ ਸੀ ।
ਉਸ ਵੇਲੇ ਸੁੰਦਰ ਸੀ ਜੈਸੀ,
ਕਦੇ ਨ ਦੇਖੀ ਸੀ ਮੈਂ ਐਸੀ ।

No posts

Comments

No posts

No posts

No posts

No posts