ਦਿਲ's image
0 Bookmarks 173 Reads0 Likes


ਮੁਰਲੀ ਮਨੋਹਰ ਦੀ ਦਰਸ਼ਨ-ਤਾਂਘ ਵਿੱਚ, ਬੂਹੇ ਤੇ ਖਲੋਤੀ ਇਕ
ਗਵਾਲਨ ਆਪਣਾ ਰੁੜ੍ਹੇ ਜਾਂਦੇ ਦਿਲ ਨਾਲ ਗੁਪਤ ਗੱਲਾਂ ਕਰਦੀ ਹੈ ।

ਰਹੁ ਰਹੁ, ਵੇ ਜੀਆ ਝੱਲਿਆ !
ਆਖੇ ਭੀ ਲਗ ਜਾ, ਮੱਲਿਆ !
ਅੜਿਆ ਨ ਕਰ, ਲੜਿਆ ਨ ਕਰ ।
ਕੁੜ੍ਹਿਆ ਨ ਕਰ, ਸੜਿਆ ਨ ਕਰ ।
ਵੇ ਵੈਰੀਆ !
ਕੀ ਹੋ ਗਿਆ ?
ਰੌਲਾ ਨ ਪਾ !
ਡੁਬਦਾ ਨ ਜਾ !

ਟਲ ਜਾ ਅਮੋੜਾ, ਪਾਪੀਆ !
ਰੋ ਰੋ ਕੇ ਦੀਦੇ ਗਾਲ ਨਾ !
ਵੇ ਨਾਮੁਰਾਦਾ ! ਠਹਿਰ ਜਾ !
ਪਿਟ ਪਿਟ ਕੇ ਹੋ ਜਿਲਹਾਲ ਨਾ !
ਓਦੋਂ ਨਹੀਂ ਸੀ ਵਰਜਿਆ ?
ਆ ਬਾਜ਼ ਆ ! ਆ ਬਾਜ਼ ਆ !
ਨਿਹੁੰ ਨਾ ਲਗਾ !
ਫਾਹੀਆਂ ਨ ਪਾ !
ਪੱਲਾ ਬਚਾ !
ਨੇੜੇ ਨ ਜਾ !

ਵਾਟਾਂ ਨੀ ਏਹ ਦੁਖਿਆਰੀਆਂ,
ਮੰਜਲਾਂ ਨੀ ਬੜੀਆਂ ਭਾਰੀਆਂ,
ਰੋ ਰੋ ਕੇ ਹੁਣ ਜੀ ਖਾਏਂ ਕਿਉਂ ?
ਘਬਰਾਏਂ ਕਿਉਂ ? ਚਿਚਲਾਏਂ ਕਿਉਂ ?
ਫਸ ਗਏ ਤੇ ਫਿਰ ਕੀ ਫਟਕਣਾ ?
ਜੇਰਾ ਵੀ ਕਰ, ਵੇ ਕਾਹਲਿਆ !
ਔਹ ਵੇਖ, ਸੂਰਜ ਢਲ ਗਿਆ !
ਗਰਦਾ ਵੀ ਉੱਡਣ ਲਗ ਪਿਆ !
ਗਊਆਂ ਦਾ ਚੌਣਾ ਆ ਰਿਹਾ ।
ਸੁਣ ਤੇ ਸਹੀ ।
ਵਾਜ ਆ ਗਈ !
ਔਹ ਬੰਸਰੀ !
ਵਜਦੀ ਪਈ ।

ਸਦਕੇ ਗਈ ! ਓਹੋ ਹੀ ਹੈ !
ਹਾਂ ਹਾਂ, ਓਹੋ ਹੀ ਦੇਖ ਲੈ !
ਰਜ ਰਜ ਕੇ ਦੀਦੇ ਠਾਰ ਲੈ !
ਕੋਈ ਪੱਜ ਪਾ ਖਲਿਹਾਰ ਲੈ !
ਵੇ ਮੋਹਣਿਆ !
ਐਧਰ ਤੇ ਆ !
ਵੱਛਾ ਮੇਰਾ,
ਫੜ ਲੈ ਜ਼ਰਾ !
ਮੈਂ ਧਾਰ ਕੱਢਣ ਲੱਗੀ ਆਂ !

No posts

Comments

No posts

No posts

No posts

No posts