ਡਾਲੀਓਂ ਝੜਿਆ ਫੁੱਲ's image
13 min read

ਡਾਲੀਓਂ ਝੜਿਆ ਫੁੱਲ

Dhani Ram ChatrikDhani Ram Chatrik
0 Bookmarks 216 Reads0 Likes


(1)

ਇਕ ਫੁੱਲ, ਜਿਨ ਵਿੱਚ ਬਗੀਚੇ, ਜੋਬਨ-ਮੱਤਾ ਰੂਪ ਦਿਖਾ ਕੇ,
ਕਈ ਹਜ਼ਾਰਾਂ ਅੱਖਾਂ ਦੇ ਵਿਚ ਘਰ ਕੀਤਾ ਸੀ, ਠੰਢਕ ਪਾ ਕੇ ।
ਕਈ ਮਨਾਂ ਨੂੰ ਲੁੱਟ ਲਿਆ ਸੀ, ਲਪਟਾਂ ਦਾ ਅੰਬਾਰ ਲਗਾ ਕੇ,
ਸ਼ਮਾ ਜਿਦ੍ਹੀ ਤੇ ਭੰਭਟ ਵਾਂਗਰ ਸਦਕੇ ਹੁੰਦੀ ਖਲਕਤ ਆ ਕੇ ।
ਪਰ ਹੁਣ ਓਸ ਬਹਾਰ-ਦਰਬ ਨੂੰ, ਧੁੱਪ ਬਿਦਰਦਣ ਲੁੱਟ ਲਿਆ ਸੀ,
ਕਿਰਨਾਂ ਰਸਤੇ, ਸੂਰਜ ਸਾਰਾ ਰੂਪ ਜਵਾਨੀ ਚੂਪ ਗਿਆ ਸੀ ।
ਉਹ ਮਹਿਬੂਬੀ ਸ਼ਾਨ ਹੁਸਨ ਦੀ, ਬੁਰਿਹਾਲੀ ਵਿਚ ਵੱਟ ਗਈ ਸੀ,
ਕੋਮਲਤਾ ਅਰ ਭਾਹ ਗੁਲਾਬੀ ਲੋ ਦੁਪਹਿਰ ਦੀ ਚੱਟ ਗਈ ਸੀ ।
ਫੁੱਟ ਗਿਆ ਤੂੰਬਾ ਅਰ ਟੁੱਟੀ ਤਾਰ ਕੁਰੰਗ ਫਸਾਉਣ ਵਾਲੀ,
ਸਰਦ ਹੋ ਗਈ ਸ਼ਮਾ, ਜਗਤ ਨੂੰ ਚਾਨਣ ਤੇ ਭਰਮਾਉਣ ਵਾਲੀ ।
ਅਸਤ ਗਿਆ ਉਹ ਚੰਦ, ਜਿਦ੍ਹੇ ਨੀਝ ਤੋਂ ਚਕੋਰ ਉਠਾਂਦੇਨਾ ਸਨ,
ਮਾਤ ਹੋ ਚੁਕੀ ਸੀ ਹੁਣ ਬਾਜ਼ੀ, ਦਰਸ਼ਕ ਘੁੱਮਰ ਪਾਂਦੇ ਨਾ ਸਨ ।
ਕੋਮਲ ਪੰਖੜੀਆਂ ਝੜ ਝੜ ਕੇ, ਖੇਰੂ ਖੇਰੂ ਹੋ ਗਈਆਂ ਸਨ,
ਵਾਂਗ ਬਿਰੰਗੀ ਮਹਿੰਦੀ, ਤਖ਼ਤੋਂ ਡਿੱਗ, ਜ਼ਿਮੀ ਪਰ ਆ ਪਈਆਂ ਸਨ ।
ਪੱਖੀ ਵਾਂਗਰ ਨਿੱਖੜ ਕੇ, ਹੁਣ ਦੇਹੀ ਪੁਰਜਾ ਪੁਰਜਾ ਹੋਈ,
ਹਸਰਤ ਭਰੀ ਨਿਗਾਹ ਥੀਂ ਤੱਕੇ, ਪਰ ਅੱਗੋਂ ਨਾ ਪੁੱਛੇ ਕੋਈ ।
ਜ਼ਾਲਮ ਮਾਲੀ ਨੇ, ਪੱਛਾਂ ਪਰ ਹੋਰ ਲੂਣ ਇਕ ਪਾ ਦਿੱਤਾ ਸੀ,
ਝਾੜੂ ਮਾਰ, ਬਗੀਚੇ ਵਿੱਚੋਂ, ਇੱਕ ਕਿਨਾਰੇ ਲਾ ਦਿੱਤਾ ਸੀ ।
ਚੂਪੇ ਪਾਨ ਵਾਂਗ, ਹੁਣ ਪੁਸ਼ਪ ਨਿਮਾਣਾ, ਕੂੜਾ ਹੋ ਕੇ,
ਇਕ ਦਰਸ਼ਕ ਪਰ ਕੱਢ ਰਿਹਾ ਸੀ, ਗੁੱਸਾ ਆਪਣੇ ਜੀ ਦਾ ਰੋ ਕੇ।

(2)

ਰਾਹੇ ਰਾਹੇ ਜਾਵਣ ਵਾਲੇ ! ਪਰੇ ਪਰੇ ਕਿਉਂ ਤਿਲਕੀਂ ਜਾਵੇਂ ?
ਓ ਗਮਰੁੱਠ, ਬਿਦਰਦ ਮਤਲਬੀ ! ਧੌਣ ਭੁਆ ਕਿਉਂ ਅੱਖ ਚੁਰਾਵੇਂ ?
ਇਹ ਸੀ ਮਿਹਰ, ਮੁਹੱਬਤ ਏਹੋ ? ਏਥੋਂ ਤਕ ਹੀ ਸੀ ਗ਼ਮਖਾਰੀ ?
ਮਤਲਬ ਦੀ ਹੀ ਯਾਰੀ ਸੀ ? ਅਰ ਹੁਸਨ ਪਰਸਤੀ ਤੇਰੀ ਸਾਰੀ ?
ਬੱਸ ? ਇਹੋ ਸੀ ਪੱਲੇ ਤੇਰੇ ? ਮੁੱਲ ਮੇਰੀ ਕੁਰਬਾਨੀ ਸੰਦਾ,
ਰਸ ਨੂੰ ਚੂਪ, ਫੋਗ ਤੋਂ ਸੂਗੇਂ ਸਵਾਰਥ ਦਾ ਹੀ ਸੀ ਤੂੰ ਬੰਦਾ ?
ਹਾਂ ! ਉਹ ਪ੍ਰੇਮ ਦਿਖਾਂਦਾ ਸੀ ਤੂੰ ਇਸੇ ਲਈ ? ਵਡਿਆ ਵਡਿਆ ਕੇ,
ਖਿੱਚ ਲਏਂਗਾ ਪੌੜੀ ਹੇਠੋਂ ਮਦ-ਮਸਤੀ ਦੇ ਸਿਖਰ ਚੜ੍ਹਾ ਕੇ ।
ਢਲੀ ਦੁਪਹਿਰ ਹੁਸਨ ਦੀ ਉੱਤੇ, ਝਾਤੀ ਭੀ ਮੁੜ ਨਹਿੰ ਸੀ ਪਾਣੀ ?
ਇਸ਼ਕ ਹਕੀਕੀ ਨਹਿੰ ਸੀ ਜੇਕਰ ਕਿਉਂ ਸੀ ਕੂੜੀ ਪ੍ਰੀਤ-ਜਿਤਾਣੀ ?
ਚਲਦੇ ਫਿਰਦੇ ਹੱਡੀਂ ਸੌਖਾ ਹਮਦਰਦੀ ਦਾ ਰਾਗ ਸੁਣਾਣਾ,
ਤੰਗੀ ਤੁਰਸ਼ੀ ਵੇਲੇ ਵੀ ਤਾਂ ਲੱਗੀ ਨੂੰ ਹੀ ਤੋੜ ਨਿਭਾਣਾ ।
ਸ਼ੋਕ ਤੇਰੀ ਬੇਦਰਦੀ ਪਰ ਹੈ, ਜਿਸ ਸ਼ੈ ਤੋਂ ਤੂੰ ਸੁਖ ਸੀ ਪਾਇਆ,
ਉਸ ਪਰ ਗਲਤ ਨਿਗਾਹ ਹੀ ਪਾ ਕੇ ਕੁਝ ਹੁੰਦਾ ਅੰਦੋਹ ਜਿਤਾਇਆ ।
ਪ੍ਰੀਤ ਪੁਰਾਣੀ ਚੇਤੇ ਕਰ ਕੇ, ਅੰਝੂ ਸਨ ਦੋ ਚਾਰ ਵਹਾਣੇ,
ਮੋਏ ਦੇ ਭੀ ਫੁੱਲ ਚੁਗਾ ਕੇ, ਲਾ ਛਡਦੇ ਨੇ ਲੋਕ ਟਿਕਾਣੇ ।

(3)

ਪਰ ਸੱਜਣ ਕੀ ਵੱਸ ਤਿਰੇ ਹੈ, ਦੁਨੀਆਂ ਵਿੱਚ ਇਹੋ ਵਰਤਾਰਾ,
ਕਦਰ ਪਾਏ ਕਰਤੱਬਾਂ ਦੀ ਹੀ, ਝੁਕਦੇ ਨੂੰ ਹੀ ਮਿਲੇ ਸਹਾਰਾ ।
ਜਦ ਤਕ ਚਲੇ ਖਰਾ ਹੈ ਤਦ ਤਕ, ਜਦ ਤਕ ਰਸ, ਤਦ ਤਕ ਰਸੀਲਾ,
ਜਦ ਤਕ ਲਹੂ, ਤਦੋਂ ਤਕ ਲਾਲੀ, ਜਦ ਤਕ ਲਾਲੀ ਤਦ ਤਕ ਲੀਲ੍ਹਾ ।
ਜਦ ਤਕ ਜਾਨ, ਜਹਾਨ ਤਦੋਂ ਤਕ, ਜਦ ਤਕ ਸਿਰ ਤਦ ਤੀਕ ਸਲਾਮੀ,
ਜਦ ਤਕ ਤੇਲ ਤਦੋਂ ਤਕ ਚਾਨਣ,ਜਦ ਤਕ ਹਿੰਮਤ ਤਦ ਤਕ ਹਾਮੀ ।
ਜਦ ਤਕ ਹੁਸਨ ਇਸ਼ਕ ਹੈ ਤਦ ਤਕ, ਜਦ ਤਕ ਧਨ, ਤਦ ਤੀਕ ਭਿਖਾਰੀ,
ਜਦ ਤਕ ਮਿਹਰ ਮੁਹੱਬਤ ਤਦ ਤਕ ਜਦ ਤਕ ਦਰ ਤਦ ਤਕ ਹੈ ਦਾਰੀ ।
ਜਦ ਤਕ ਆਪਣਾ ਆਪ ਗਲਾਓ ਤਦ ਤਕ ਝੁਲਸਣਗੇ ਪਰਵਾਨੇ,
ਆਪਣਾ ਆਪ ਮੁਹਾਏ ਬਾਝੋਂ ਅਪਣੇ ਭੀ ਬਣ ਜਾਣ ਬਿਗਾਨੇ ।
ਠੰਢਕ ਹੈ, ਤਦ ਜਮੇ ਰਹੋਗੇ, ਤਪ ਜਦ ਤਕ ਹੈ ਤੇਜ ਰਹੇਗਾ,
ਜਦ ਤਕ ਘਸੋ ਤਦੋਂ ਤਕ ਚਮਕੋ, ਜ਼ਰ ਨੂੰ ਹੀ ਜਗ ਯਾਰ ਕਹੇਗਾ ।
ਮਤਲਬ ਬਾਝ ਪਸੀਜੇ ਕਿਹੜਾ, ਬਿਰਧ ਬੈਲ ਨੂੰ ਪਾਵੇਗਾ ਚਾਰਾ,
ਦੰਮਾਂ ਦੇ ਦਮ ਵਜਣ ਦਮਾਮੇ, ਕੰਮ ਕਰਾਵੇ ਚੰਮ ਪਿਆਰਾ ।
ਕੁਦਰਤ ਦਾ ਭੀ ਨੇਮ ਇਹੋ ਹੈ, ਜਦ ਤਕ ਜੋ ਜਿਸ ਜੋਗ ਰਹੇਗਾ,
ਤਦ ਤਕ ਉਸ ਨੂੰ ਮਿਲੇ ਟਿਕਾਣਾ, ਉਸ ਤੋਂ ਬਾਦ ਗਿੜਾਉ ਮਿਲੇਗਾ ।
ਕੇਲਾ ਕੱਟ ਦਿੱਤਾ ਜਾਂਦਾ ਹੈ, ਫਲੀ ਜਦੋਂ ਦੇਣੋਂ ਰਹਿ ਜਾਵੇ,
ਵੱਲਾਂ ਪੁੱਟ ਵਗਾਂਦੇ ਬਾਹਰ, ਜਦ ਖ਼ਰਬੂਜ਼ਾ ਹੱਥ ਨ ਆਵੇ ।
ਛਾਂਗ ਦਿਤੇ ਜਾਂਦੇ ਹਨ ਕੰਡੇ, ਬੇਰੀ ਦਾ ਫਲ ਹੋ ਚੁੱਕੇ,
ਬੇਲੇ ਸਾੜ ਦਿਤੇ ਜਾਂਦੇ ਹਨ, ਕਾਨੇ ਦਾ ਜਦ ਮੌਸਮ ਮੁੱਕੇ ।
ਕੌਮਾਂ ਦੇ ਅਦਰਸ਼ ਗਿਰਨ ਪਰ ਅਧੋਗਤੀ ਵਿਚ ਜਾਣਾ ਪੈਂਦਾ,
ਰਾਜੇ ਵਿਚ ਅਯੋਗਤਾ ਆਇਆਂ ਝੱਟ ਉਦ੍ਹੀ ਥਾਂ ਦੂਜਾ ਲੈਂਦਾ ।
ਇਸੇ ਤਰਾਂ ਕਮਜ਼ੋਰੀ ਮੇਰੀ ਦਰਦ ਦਰਦੀਆਂ ਦਾ ਖੋਹ ਲੀਤਾ,
ਖ਼ਾਰ ਬਣਾਇਆ ਅੱਖਾਂ ਸੰਦਾ, ਤਖ਼ਤੋਂ ਸੁੱਟ ਨਿਮਾਣਾ ਕੀਤਾ ।

(4)

ਇੱਕ ਸਮਾਂ ਉਹ ਸੀ ਜਦ ਮੇਰੀ ਹਰੀ ਅੰਗੂਰੀ ਨਿਕਲ ਰਹੀ ਸੀ,
ਗੋਡੀ, ਰੂੜੀ, ਪਾਣੀ ਆਦਿਕ ਟਹਿਲਾਂ ਦੀ ਲਗ ਰਹੀ ਝੜੀ ਸੀ ।
ਜ਼ਰਾ ਕੁ ਧੌਣ ਜਦੋਂ ਖਲਿਹਾਰੀ, ਮਾਲੀ ਮੇਰਾ ਬਣਿਆ ਭਉਰਾ,
ਝੱਖੜ, ਧੁੱਪ, ਸਿਲ੍ਹਾਬੋਂ, ਸੇਕੋਂ ਰਾਖੀ ਕਰਨ ਵਿਖੇ ਸੀ ਬਉਰਾ ।
ਇਕ ਦਿਨ ਕੂੰਬਲ ਨਿੱਕਲਦੀ ਨੂੰ ਰੋਜ਼ ਸਵੇਰੇ ਰਹਿੰਦਾ ਗਿਣਦਾ,
ਸੱਧਰ ਭਰਿਆ ਚਾਈਂ ਚਾਈਂ ਪੋਟਿਆਂ ਨਾਲ ਉਚਾਈ ਮਿਣਦਾ ।
ਚਿੜੀ ਜਨੌਰ ਨ ਪੱਤੀ ਤੋੜੇ, ਭੇਡ ਬੱਕਰੀ ਮੂੰਹ ਨ ਪਾਵੇ,
ਕੋਇ ਬਿਲੋੜੀ ਸ਼ਾਖ ਨ ਨਿਕਲੇ; ਟਿੰਘ ਕਿਸੇ ਵਿਚ ਵਿੰਗ ਨ ਆਵੇ।
ਬਾਲਕ ਵਾਂਗ ਨਹਾਵੇ ਪੂੰਝੇ ; ਗਿੱਡਾਂ ਮੈਲਾਂ ਝਾੜੇ ਧੋਵੇ,
ਪਾਲਣ ਪੋਸਣ, ਰਾਖੀ ਚੋਰੀ ਤੋਂ ਬੇ-ਫ਼ਿਕਰਾ ਘੜੀ ਨਾ ਹੋਵੇ ।
ਮੇਰੇ ਸੁੱਖੀ ਸਾਂਦੀ ਮੌਲਣ ਹੇਤ, ਸੁੱਖਣਾਂ ਸੁਖੀ ਦੀਆਂ ਸਨ,
ਲਹੂ ਚੂਲੀਆਂ ਸਿੰਜ ਸਿੰਜ ਕੇ ਟਹਿਲਾਂ ਮੇਰੀਆਂ ਹੋ ਰਹੀਆਂ ਸਨ ।

(5)

ਭੜਕ ਦੜਕ ਮੇਰੀ ਭੀ ਆਹਾ ! ਸੱਚੀ ਮੁੱਚੀ ਐਸੀ ਹੀ ਸੀ,
'ਹੋਨਹਾਰ ਬਿਰਵਾ ਕੇ ਚਿਕਨੇ ਪਾਤ' ਸ਼ਲਾਘਾ ਠੀਕ ਮਿਰੀ ਸੀ ।
ਹਰ ਇਕ ਸ਼ਾਖ ਲੁਸਲੁਸੀ ਮੇਰੀ ਹਰੀ ਕਚਾਹ ਮੁਲਾਇਮ ਪਿਆਰੀ,
ਅਤੀ ਮਲੂਕ ਬਾਨ ਦੀ ਲੂਈਂ ਵਾਂਗ ਜਿਦ੍ਹੇ ਤੇ ਸੀ ਕੰਡਿਆਰੀ ।
ਕੋਮਲ ਕਲੀਆਂ ਮਿਰੀਆਂ ਦੀ, ਹਾਂ ! ਉਹ ਕੱਚੀ ਕੱਚੀ ਲਾਲੀ,
ਕਿਸੇ ਹਿਮਾਲਾ ਵਾਸਨਿ ਦੇਵੀ ਦੇ ਸੁਕੁਮਾਰ ਕਪੋਲਾਂ ਵਾਲੀ ।
ਚਿਕਨਾਈ ਅਰ ਚਮਕ ਵਾਸਤੇ ਕੁਦਰਤ ਮੱਖਣ ਝਾਸ ਕਜਾਵੇ,
ਝੂਟਣ ਖਾਤਰ ਪੱਟ-ਪੰਘੂੜਾ ਦਾਈ ਪੌਣ ਹਿਲਾਈ ਜਾਵੇ ।
ਮਾਲੀ ਦੀ ਮਿਹਨਤ ਦੇ ਘਰ ਵਿਚ ਸ਼ਦੀਆਨੇ ਦੀ ਢੋਲਕ ਖੜਕੀ,
ਮੈਨੂੰ ਜਨਮ ਦੇਣ ਹਿਤ ਜਿਸ ਦਿਨ ਸਿੱਪੀ ਵਾਂਗਰ ਡੋਡੀ ਤਿੜਕੀ ।
ਸੀ ਮੇਰੇ ਪਰਵਾਨ ਚੜ੍ਹਨ ਵਿਚ ਭਾਵੇਂ ਵਕਤ ਅਜੇ ਬਹੁਤੇਰਾ,
ਪਰ ਮੇਰੇ ਦਰਸ਼ਨ ਦੇ ਚਾਖੂ ਪਾਉਣ ਲਗੇ ਹੁਣ ਤੋਂ ਹੀ ਫੇਰਾ ।
ਛਿਲੇ ਵਿੱਚ ਮਤ ਅਪਦਾ ਕੋਈ ਮੇਰੇ ਕੋਮਲ ਮਨ ਤੇ ਆਵੇ,
ਪੋਤੜਿਆਂ ਵਿਚ ਢੱਕੀ ਰਖਦੇ ਆਸੋਂ ਪਾਸੋਂ ਪੱਤਰ ਸਾਵੇ ।
ਪਰ ਮੇਰੀ ਨਿਰ-ਅੰਕੁਸ਼ ਸ਼ੋਖੀ ਗੂੜ੍ਹੇ ਰਕਤ ਨਸ਼ੇ ਵਿਚ ਮੱਤੀ ।
ਇਸ ਪਰਦੇ ਦੇ ਜੀਵਨ ਤਾਈਂ ਨਹੀਂ ਪਸਿੰਦ ਲਿਆਈ ਰੱਤੀ ।
ਮਾਰ ਚਟਾਕਾ ਜ਼ੋਰ ਨਾਲ ਮੈਂ ਨਵੇਂ ਜਗਤ ਨੂੰ ਦੇਖਣ ਰੁੱਝਾ,
ਰਾਹੀਆਂ ਉੱਤੇ ਪਾ ਪਾ ਡੋਰੇ, ਲਗਾ ਖਲ੍ਹਾਰਨ ਗੁੱਝਾ ਗੁੱਝਾ ।
ਤਰੇਲ, ਸਮੀਰੋਂ ਠੰਢਕ ਲੈ ਕੇ, ਅਰ ਸੂਰਜ ਦੀ ਪਾ ਗਰਮਾਈ,
ਜ਼ਰਾ ਕੁ ਹੋਰ ਸੂਤਕੋਂ ਨਿਕਲ ਹਾਲਤ ਅੱਧ-ਖਿੜੀ ਦੀ ਆਈ ।
ਦੇਖ ਉਠਾਨ ਫਬਨ ਮੇਰੀ ਨੂੰ, ਭੌਰ ਲਗੇ ਦਵਾਰੇ ਤੇ ਪਰਸਨ ।
ਹਰ ਪਾਸੇ ਤੋਂ ਸੱਧਰ ਉੱਠੇ, ਹੋ ਜਾਵਣ ਖੁਲ ਕੇ ਹੁਣ ਦਰਸ਼ਨ ।

(6)

ਜੀਵਨ ਇਹ ਮਾਸੂਮੀ ਦਾ ਸੀ, ਗਰਮੀ ਸਰਦੀ ਨਹਿੰ ਸੀ ਡਿੱਠੀ,
ਪਿਆ ਨ ਵਾਹ ਉਤਾਰ ਚੜ੍ਹਾਈ, ਚੱਖੀ ਨਹਿੰ ਸੀ ਕੌੜੀ ਮਿੱਠੀ ।
ਉਪਕਾਰੀ ਹੱਥਾਂ ਵਿਚ ਹੋਇਆ ਮੌਲਨ ਫੈਲਣ ਸੀ ਸਭ ਮੇਰਾ,
ਉਸੇ ਤਰ੍ਹਾਂ ਉਪਕਾਰ ਵਾਸਤੇ ਮਨ ਵਿਚ ਜਾਗਿਆ ਚਾਉ ਵਧੇਰਾ ।
ਸੱਧਰ ਚਾਉ, ਦਰਸ਼ਕਾਂ ਦੇ ਨੇ ਕੁਝ ਮਨ ਵਿਚ ਉਤਸ਼ਾਹ ਵਧਾਇਆ,
ਅਰ ਕੁਛ ਅਪਨੇ ਹੁਸਨ ਗਰਬ ਨੇ ਮੇਰੇ ਸੀਨੇ ਨੂੰ ਉਭਰਾਇਆ ।
ਉਠੀ ਲਾਲਸਾ ਦੁਨੀਆਂ ਨੂੰ ਕੁਝ ਆਪਣਾ ਆਪ ਵਿਖਾਣਾ ਚਾਹੀਏ,
ਪੁਸ਼ਪ ਜੂਨ ਨੂੰ ਸਫਲ ਕਰਨ ਹਿਤ, ਪਰਉਪਕਾਰ ਕਮਾਣਾ ਚਾਹੀਏ ।
ਪਤਾ ਨ ਸੀ, ਇਸ ਹਾਲਤ ਵਿਚ ਹੀ ਬਚ-ਬਚਾਓ ਹੈ ਆਪਣਾ ਸਾਰਾ,
ਜ਼ਰਾ ਕੁ ਹੋਰ ਅਗੇਰੇ ਹੋਇਆ ਰੋੜ੍ਹ ਲਿਜਾਉਗ ਕਾਲ-ਜਲ-ਧਾਰਾ ।
ਮੂਰਖਤਾ, ਚੰਚਲਤਾ ਅਥਵਾ ਗਰਬ ਹੁਸਨ ਦਾ ; ਜੋ ਕੁਝ ਭੀ ਸੀ,
ਦਾਨਾਈ ਅਰ ਦੂਰੰਦੇਸ਼ੀ ਮੇਰੀ ਉਸ ਨੇ ਖੋਹ ਖੜੀ ਸੀ ।
ਸੰਗਾ ਲਾਹ, ਉਭਰ ਹੋ ਬੈਠਾ ; ਜੋਬਨ ਅਪਣਾ ਸਭ ਨਿਖੜਾਇਆ,
ਪੂਰਣਮਾ ਦੇ ਚੰਦ ਵਾਂਗ ਮੈਂ ਰੂਪ ਰਾਸ ਦਾ ਢੇਰ ਲਗਾਇਆ ।
ਬੂਹੇ ਖੋਲ ਸਖਾਵਤ ਦੇ ਮੈਂ : ਵੰਡਨ ਲੱਗਾ ਮਹਿਕ ਅਰ ਮਸਤੀ,
ਠੰਢਕ, ਹੁਸਨ, ਤਰਾਵਟ ਅਪਨੀ ਸਭ ਦੇ ਹੇਤ ਲਗਾਈ ਸਸਤੀ ।
ਜੋ ਆਵੇ ਠੰਢਿਆਵੇ ਅੱਖਾਂ ਨਾਲ ਸੁਗੰਧੀ ਤਨ ਮਨ ਠਾਰੇ,
ਰੋਕ ਅਮੀਰ ਗਰੀਬਾਂ ਤਾਈਂ ਕੋਇ ਨਹੀਂ ਸੀ ਮੇਰ ਦਵਾਰੇ ।
ਭੌਰੇ ਹੋ ਲਟਬੌਰੇ ਫਿਰਦੇ ਰੂਪ ਮੇਰੇ ਦਾ ਰਾਗ ਸੁਣਾਂਦੇ,
ਸੰਝ ਸਵੇਰ ਦਰਸ਼ਕਾਂ ਸੰਦੇ ਟੋਲੇ ਆ ਆ ਜੀ ਪਰਚਾਂਦੇ ।
ਪਾ ਕੇ ਠੰਢ ਅਸੀਸਾਂ ਦੇ ਦੇ, ਰੂਪ ਮੇਰੇ ਦੀ ਮਹਿਮਾ ਕਰਦੇ,
ਮਾਨੁਖ ਛੋੜ ਜਨੌਰਾਂ ਤੀਕਰ ਹੁਸਨ ਮੇਰੇ ਦੇ ਹੋਏ ਬਰਦੇ ।
ਮਹਿਕ ਮੇਰੀ ਨੇ ਉੱਡ ਚੁਫੇਰੇ ਬਨ ਨੂੰ ਉਪਬਨ ਕਰ ਦਿਖਲਾਇਆ,
ਆਲੇ ਦੁਆਲੇ ਜੱਸ ਮੇਰੇ ਨੇ ਡਾਢਾ ਸੋਹਣਾ ਰੰਗ ਜਮਾਇਆ ।
ਨੌਬਤ ਖੂਬ ਵਜਾਈ ਆਪਣੀ ਸ਼ੋਭਾ ਭੀ ਖੱਟੀ ਬਹੁਤੇਰੀ,
ਧਾਂਕ ਬਿਠਾਈ ਸੁੰਦਰਤਾ ਦੀ ਇਸ਼ਕ ਹੁਸਨ ਪਰ ਹੋਇਆ ਢੇਰੀ ।

(7)

ਪਰ ਸੱਜਣ! ਅਫਸੋਸ! ਜਗਤ ਵਿਚ ਨਹੀਂ ਸਥਿਰਤਾ ਤੇ ਇਕਰੰਗੀ,
ਇਕ ਇਕ ਪਲ ਇਕ ਨਵੀਂ ਲਿਆਵੇ ਅਪਣੇ ਨਾਲ ਖੁਸ਼ਹਾਲੀ ਤੰਗੀ ।
ਛੱਲ ਸਮੁੰਦਰ ਦੀ ਉਗਲੱਛੇ, ਇਕ ਪਲ ਘੁੱਗਾ, ਇਕ ਪਲ ਮੋਤੀ,
ਇਕ ਧਿਰ ਮੰਗਲ ਤੇ ਸ਼ਦੀਆਨੇ, ਇਕ ਧਿਰ ਹੋਵੇ ਮੌਤ ਖਲੋਤੀ ।
ਇਕ ਹੱਥ ਦੇਇ ਹਕੂਮਤ ਡੰਡਾ, ਠੂਠਾ ਦੂਜੇ ਹੱਥ ਫੜਾਵੇ,
ਤਖ਼ਤਾਂ ਵਾਲੇ ਪਾ ਵਖਤਾਂ ਵਿਚ, ਕੁਦਰਤ ਆਪਣਾ ਖੇਲ ਵਿਖਾਵੇ ।
ਅਰਸ਼ੋਂ ਡੇਗ ਖਾਕ ਵਿਚ ਰੋਲੇ, ਕਿਣਕਾ ਚੁੱਕ ਅਕਾਸ਼ ਪੁਚਾਵੇ,
ਸਾਗਰ ਜਿਉਰ ਬਣਾਵੇ ਰੇਤਾ, ਥਲਾਂ ਵਿਖੇ ਦਰਯਾਉ ਵਹਾਵੇ ।
ਮਿੱਟੀ ਦਾ ਚਾ ਸੋਨਾ ਕਰਦੀ, ਹੀਰੇ ਤੋਂ ਕੰਕਰ ਬਣ ਜਾਂਦੇ,
ਆਵਾਗੌਣ ਗੇੜ ਨਿੱਤ ਰਹਿੰਦਾ, ਖਾਲੀ ਭਰੇ, ਭਰੇ ਸਖਣਾਂਦੇ ।
ਹਰ ਸ਼ੈ ਵਿਚ ਅਨਥਿਰਤਾ ਨੇ ਐਸਾ ਅਪਣਾ ਆਪ ਵਸਾਇਆ,
ਜੋ ਆਵੇ ਸੋ ਜਾਵਣ ਖਾਤਰ, ਜੋ ਜਾਵੇ ਸੋ ਸਮਝੋ ਆਇਆ ।
ਦਿਨ ਆ ਕੇ ਦੇ ਸੋਇ ਰਾਤ ਦੀ, ਚਾਨਣ ਦੀ ਸੁਧ ਦੇਇ ਹਨੇਰਾ,
ਕੁਦਰਤ ਦੇ ਚਰਖੇ ਦਾ ਚੱਕਰ, ਹਰ ਇਕ ਸ਼ੈ ਨੂੰ ਦੇਂਦਾ ਫੇਰਾ ।
ਕਾਇਮ ਹੈ ਇਕ ਜ਼ਾਤ ਪ੍ਰਭੂ ਦੀ, ਹੋਰ ਸਭਸ ਨੇ ਆ ਕੇ ਜਾਣਾ,
ਅਪਣਾ ਅਪਣਾ ਵੇਲਾ ਆਇਆ ਟਿਕੇ ਨ ਰੰਕ ਨਾ ਅਟਕੇ ਰਾਣਾ ।
ਕਾਲ ਬਲੀ ਦੀ ਚੋਟ ਨਾ ਤਰਸੇ, ਦੇਖ ਹੁਸਨ ਯਾ ਕੋਮਲਤਾਈ ,
ਚੰਦ੍ਰ-ਮੁਖੀ ਮਹਿਬੂਬਾਂ ਦੀ ਭੀ ਇਸ ਭਾਂਬੜ ਵਿਚ ਉਹੋ ਗਰਾਹੀ ।

(8)

ਇਸੇ ਦਰੇੜ ਕਾਲ ਦੀ ਅੰਦਰ, ਖੜ ਪੁੱਗੀ ਹੁਣ ਮੇਰੀ ਆ ਕੇ,
ਉਠ ਚਲੀ ਵਣਜਾਰੀ ਜਿੰਦਗੀ, ਕੁਝ ਘੜੀਆਂ ਦੀ ਖੇਡ ਵਿਖਾ ਕੇ ।
ਖਾਲੀ ਕਰੋ ਮੁਸਾਫਰਖਾਨਾ, ਘੜੀਆਲੀ ਨੇ ਠੋਕਰ ਮਾਰੀ,
ਬੱਧੇ ਭਾਰ ਮੁਸਾਫਰ ਭੌਰੇ, ਅਮਲਾਂ ਦੀ ਸਿਰ ਚਾਈ ਖਾਰੀ ।
ਕੁਦਰਤ ਨੂੰ ਹੁਣ ਮੇਰਾ ਰਹਿਣਾ, ਇੱਕ ਨਜ਼ਰ ਨਾ ਚੰਗਾ ਲੱਗੇ,
ਓਹੋ ਬਣਾਏ ਵੈਰੀ ਮੇਰੇ, ਜੋ ਸਨ ਪ੍ਰਿਤਪਾਲਕ ਅੱਗੇ ।
ਕਿਸਮਤ ਉਲਟ ਭਏ ਜਿਸ ਵੇਲੇ, ਅਪਣੇ ਭੀ ਹੋ ਜਾਣ ਪਰਾਏ,
ਹੱਥੀਂ ਛਾਵਾਂ ਕਰਨ ਵਾਲੇ, ਲਹੂ ਦੇ ਬਣ ਜਾਣ ਤਿਹਾਏ ।
ਸੂਰਜ ਜਿਸ ਨੇ ਕਿਰਨਾਂ ਪਾ ਪਾ, ਮੇਰਾ ਜਗ ਵਿਚ ਬੂਟਾ ਲਾਇਆ,
ਉਹੋ ਬਣਾ ਕੇ ਤੀਰ ਨੁਕੀਲੇ, ਰੂਪ ਰੰਗ ਸਭ ਫਿੱਕਾ ਪਾਇਆ ।
ਧਰਤੀ, ਜਿਸ ਨੇ ਅਪਣੇ ਵਿਚੋਂ, ਬੀਜੋਂ ਚੁੱਕ ਵਜੂਦ ਬਣਾਇਆ,
ਹੁਣ ਚਾਹੇ ਕਰ ਕੂੜਾ ਮੇਰਾ, ਆਪਣੇ ਅੰਦਰ ਫੇਰ ਖਪਾਇਆ ।
ਚੁੱਕ ਲਿਗਈ ਸੁਗੰਧੀ ਮੇਰੀ, ਵਿਚ ਅਕਾਸ਼ ਸਮੀਰ ਉਡਾ ਕੇ,
ਨਰਗਸ ਨਿਗਾਹ ਪ੍ਰੇਮੀਆਂ ਵਾਲੀ, ਝੱਪ ਲਿਗਈ ਸੁਹੱਪਣ ਆ ਕੇ ।
ਸ਼ਹਿਦ, ਪਰਾਗ ਉਡਾਇਆ ਮੱਖੀ, ਛੜਾਂ ਚਲਾਇ ਸ਼ਿਰਾਜਾ ਭੰਨੇ,
ਬੰਨ੍ਹ ਬਹਾਰੀ ਵਾਲਾ ਟੁੱਟਾ, : ਹੋਈ ਸਾਰੀ ਬਰਕਤ ਬੰਨੇ ।
ਇਕ ਇਕ ਖੰਭ ਕਿਰਨ ਹੁਣ ਲੱਗਾ, ਡਿਗਦੇ ਸਾਰ ਝੁਲਸਿਆ ਜਾਵੇ,
ਇਉਂ ਮਾਲਕ ਨੂੰ ਧੱਕੇ ਪੈ ਕੇ ਚਮਨ ਵਿਚੋਂ ਮਿਲ ਗਏ ਬਿਦਾਵੇ ।
ਹੁਣੇ ਹੁਣੇ ਇਕ ਮਿਰਗ ਸੁਨਹਿਰੀ ਹਰੀ ਅੰਗੂਰੀ ਚਰਦਾ ਚਰਦਾ,
ਹਾਂ, ਇਕ ਹੰਸ ਚੁਗੇਂਦਾ ਮੋਤੀ, ਨਦੀ ਕਿਨਾਰੇ ਤਰਦਾ ਤਰਦਾ,
ਖੇਡਾਂ ਦਾ ਮੁਸ਼ਤਾਕ ਕਬੂਤਰ, ਗੁਟਕੂੰ ਗੁਟਕੂੰ ਕਰਦਾ ਕਰਦਾ,
ਕਾਲ ਬਲੀ ਦੀ ਭੇਟ ਹੋ ਗਿਆ, ਜੀਉਣ ਦਾ ਦਮ ਭਰਦਾ ਭਰਦਾ ।

(9)

ਖੇਡ ਹੋ ਗਈ ਪੂਰੀ ਸੱਜਣ ! ਸੁਖ ਡਿੱਠੇ, ਦੁਖ ਭੀ ਸੀ ਪਾਣਾ,
ਕੁਦਰਤ ਦੇ ਅਣਮੋੜ ਹੁਕਮ ਨੂੰ, ਕਿਸ ਤਾਕਤ ਨੇ ਸੀ ਪਲਟਾਣਾ ?
ਬੜੇ ਬੜੇ ਬਲਕਾਰਾਂ ਵਾਲੇ, ਦੁਨੀਆਂ ਵਿਚ ਅਟਕ ਨਾ ਸੱਕੇ,
ਉੱਠਦਿਆਂ ਇਕ ਪਲਕ ਨ ਲੱਗੀ, ਬੈਠੇ ਬੰਨ੍ਹ ਟਿਕਾਣੇ ਪੱਕੇ ।
ਰਾਵਣ ਜੈਸੇ ਬਲੀ ਨਾ ਰਹੇ, ਕਾਰੂੰ ਜੈਸੇ ਪਦਾਰਥ-ਧਾਰੀ,
ਸ਼ਾਹ ਸਿਕੰਦਰ ਜਿਹੇ ਤਿਜੱਸੀ, ਹਰਨਾਖਸ਼ ਜੈਸੇ ਹੰਕਾਰੀ ।
ਹਾਤਮ ਜੈਸੇ ਸਖੀ ਤੁਰ ਗਏ, ਵੈਦ ਧਨੰਤਰ ਜਿਹੇ ਸਿਆਣੇ,
ਬਿਕ੍ਰਮ ਜੈਸੇ ਆਦਲ ਦਾਨੀ, ਨਾਦਰਸ਼ਾਹ ਜਿਹੇ ਜਰਵਾਣੇ ।
ਇਸ ਸ਼ਾਹੀ ਪਰਵਾਨੇ ਅੱਗੇ, ਰੱਤੀ ਨਾ ਉਕਾਬਰੀ ਚੱਲੀ,
ਧਨ,ਪਰਵਾਰ ਅਕਲ ਅਰ ਬਲ ਨੇ ਮੌਤ ਕਿਸੇ ਦੀ ਮੂਲ ਨ ਠਲ੍ਹੀ।
ਓਸੇ ਹੁਕਮ ਹਜ਼ੂਰੀ ਅੰਦਰ, ਮੈਂ ਭੀ ਅਪਨੀ ਖੇਡ ਸੰਭਾਲੀ,
ਅਰ ਇਸ ਦਾ ਅਫਸੋਸ ਨਹੀਂ ਕੁਝ, ਹੋਈ ਹੈ ਹੋਵਣ ਹੀ ਵਾਲੀ।
ਜੋ ਹੋਈ ਸੋ ਵਾਹਵਾ ਹੋਈ, ਜੋ ਬੀਤੀ ਸੋ ਚੰਗੀ ਬੀਤੀ,
ਪਰ ਤੂੰ ਤਾਂ ਕੁਝ ਹਾਲ ਮੇਰੇ ਤੋਂ ਸਿਖਯਾ ਹੁੰਦੀ ਧਾਰਨ ਕੀਤੀ ।
ਮੈਂ ਆਇਆ, ਤੁਰ ਗਿਆ ਜਗ ਤੋਂ, ਛੱਡ ਗਿਆ ਕੀ ਕੀ ਲੈ ਤੁਰਿਆ,
ਨਾਮ ਨਿਸ਼ਾਨ ਰਿਹਾ ਨਾ ਬਾਕੀ, ਬਿਰਛੋਂ ਪੱਤ ਪੁਰਾਣਾ ਭੁਰਿਆ ।
ਕੀ ਕੀ ਮੇਰੀ ਤੁੱਛ ਜੀਵਨੀ, ਆਪਣੇ ਪਿੱਛੇ ਛੱਡ ਚਲੀ ਹੈ ?
ਏਸ ਅਨਸਥਿਰ ਦੁਨੀਆਂ ਅੰਦਰ, ਵਸਤ ਵਿਹਾਝਣ ਵਾਲੀ ਕੀ ਹੈ ?

(10)

ਦੁਨੀਆਂ ਦੇ ਵਿਚ ਆਪੋ ਵਿੱਚੀ, ਇਕ ਦੂਏ ਤੋਂ ਸੁਖ ਮਿਲਦਾ ਹੈ,
ਮੈਂ ਤੇਰੀ, ਤੂੰ ਮੇਰੀ ਸੇਵਾ, ਨੇਮ ਪਰੰਪਰ ਚਲ ਰਿਹਾ ਹੈ ।
ਇੱਕ ਕਰੇ ਦੂਜਾ ਨਾ ਜਾਣੇ, ਇਸ ਨੂੰ ਨਾਸ਼ੁਕਰੀ ਕਹਿੰਦੇ ਨੇ,
ਕ੍ਰਿਤਘਨਤਾ ਅਰ ਨਾਸ਼ੁਕਰੀ ਤੋਂ, ਭਲੇ ਪੁਰਸ਼ ਬਚਕੇ ਰਹਿੰਦੇ ਨੇ,
ਕ੍ਰਿਤਘਨਤਾ ਦਾ ਪਾਪ ਜਗਤ ਵਿਚ, ਸਭ ਪਾਪਾਂ ਤੋਂ ਕਹਿੰਦੇ ਭਾਰਾ,
ਕੀਤੇ ਨੂੰ ਨਾ ਜਾਨਣ ਵਾਲਾ, ਘੋਰ ਪਾਤਕੀ, ਨੀਚ ਨਿਕਾਰਾ ।
ਐਸੇ ਲੋਕਾਂ ਪਾਸੋਂ ਦੁਨੀਆਂ ਬਚ ਕੇ ਪਰੇ ਪਰੇ ਹੈ ਰਹਿੰਦੀ,
ਕਿਸੇ ਲਾਭ ਦੀ ਆਸ ਉਨ੍ਹਾਂ ਤੋਂ ਮਨ ਵਿਚ ਧਾਰ ਨ ਲਾਗੇ ਬਹਿੰਦੀ ।
ਤਾਂ ਤੇ ਏਸ ਪਾਪ ਤੋਂ ਬਚਣਾ ਵਾਜਬ ਹਰ ਇਕ ਜੀਵ ਲਈ ਹੈ,
ਜੋ ਇਸ ਔਗੁਨ ਤੋਂ ਨਹਿੰ ਬਚਦਾ, ਉਸਦਾ ਜੀਵਨ ਸ਼ੋਕਮਈ ਹੈ ।
ਅਪਣੇ ਤੋਂ ਜੋ ਮਾੜਾ ਹੋਵੇ, ਸੁਖ ਉਸ ਪਾਸੋਂ ਹੋਵੇ ਪਾਇਆ,
ਉਸਨੂੰ ਭੀ ਉਪਕਾਰ ਸਮਝ ਕੇ, ਮਨ ਤੋਂ ਚਾਹੀਏ ਨਹੀਂ ਭੁਲਾਇਆ ।
ਉਹ ਜੇ ਕੁਦਰਤ ਦੇ ਹੁਕਮਾਂ ਵਿਚ ਦੁਖ ਸੁਖ ਦੇ ਵਿਚ ਜਾ ਫਸਿਆ ਹੈ,
ਨਿਰਬਲ ਹੈ, ਬੇਸਾਹਸਤਾ ਹੈ, ਕਸ਼ਟ ਕਲੇਸ਼ ਸਹਾਰ ਰਿਹਾ ਹੈ ।
ਤਦ ਸਾਡਾ ਹੈ ਫਰਜ਼ ਕਿ ਉਸ ਦੇ ਨਾਲ ਜ਼ਰਾ ਅੰਦੋਹ ਜਤਾਈਏ,
ਉਸ ਦੇ ਦੁਖ ਨੂੰ ਅਪਨਾ ਲਖ ਕੇ ਉਸ ਦਾ ਹੌਲਾ ਭਾਰ ਕਰਾਈਏ ।
ਉਸ ਦੀ ਪੀੜ ਭੁਲਾਉਣ ਖ਼ਾਤਰ, ਜੋ ਬਣ ਸੱਕੇ ਅੱਗੇ ਧਰੀਏ,
ਉਸ ਦੀ ਨੇਕੀ ਦੇ ਬਦਲੇ ਵਿਚ ਉਸ ਦੇ ਨਾਲ ਭਲਾਈ ਕਰੀਏ ।
ਸਿਖਯਾ ਲਓ, ਕਿ ਹੋਰ ਕਿਸੇ ਪਰ ਜੋ ਉਖਿਆਈ ਆਣ ਪਈ ਹੈ,
ਮਤ ਅਪਣੇ ਪਰ ਭੀ ਆ ਜਾਵੇ, ਅਰ ਇਸ ਵਿਚ ਸੰਸਾ ਹੀ ਕੀ ਹੈ ?
ਕੁਦਰਤ ਦੀ ਉਲਟਾ-ਪੁਲਟੀ ਵਿਚ ਸੁਖ ਦੇ ਆਸਣ ਦੁਖ ਆ ਬਹਿੰਦੇ,
ਸੁਖੀਏ ਦੁਖੀ, ਦੁਖੀ ਸੁਖਿਆਰੇ, ਰਾਤ ਦਿਨ ਹੁੰਦੇ ਹੀ ਰਹਿੰਦੇ ।
ਦਰਦ ਦਿਲੇ ਦੀ ਖ਼ਾਤਰ ਈਸ਼ਵਰ, ਜਾਮਾ ਦਿੱਤਾ ਹੈ ਇਨਸਾਨੀ,
ਨੇਕੀ ਤੇ ਭਲਿਆਈ ਦੀ ਹੀ ਦੁਨੀਆਂ ਤੇ ਰਹਿ ਜਾਇ ਨਿਸ਼ਾਨੀ ।
ਯਾਦ ਕਿਸੇ ਜੇ ਕਰ ਆਵੇ, ਉਸ ਦੇ ਜੀ ਨੂੰ ਠੰਢਕ ਪਾਵੇ,
ਜੀਵਨ ਸਫਲ ਉਸੇ ਦਾ, 'ਚਾਤ੍ਰਿਕ' ਮਰ ਕੇ ਭੀ ਵਾਹਵਾ ਅਖਵਾਵੇ ।

No posts

Comments

No posts

No posts

No posts

No posts