
ਇਹ ਓਹਨਾ ਦਿਨਾਂ ਦੀ ਗਲ ਹੈ ਜਦੋਂ ਗਰਮੀਆਂ ਵਿੱਚ ਸਾਡਾ ਸਾਰਾ ਟੱਬਰ ਕੋਠੇ ਉੱਤੇ ਮੰਜੇ ਡਾਹ ਕੇ ਤੇ ਸਾਹਮਣੇ ਪਖੇ ਲਾ ਕੇ ਸੌਂਦੇ ਸੀ।
ਬਚਪਨ ਦੇ ਓਹਨਾਂ ਰਾਤਾ ਵਿੱਚ ਬੱਤੀ ਜਾਣਾ ਤਾਂ ਆਮ ਗੱਲ ਸੀ। ਅਸੀ ਸੌਣ ਲਈ ਲੰਮੇ ਪਏ ਹੀ ਸੀ ਕੇ ਬੱਤੀ ਚਲੀ ਗਈ। ਕੁਝ ਹੀ ਮਿੰਟਾਂ ਵਿੱਚ ਮੱਛਰ ਤੇ ਗਰਮੀ ਪਰੇਸ਼ਾਨ ਕਰਨ ਲੱਗ ਪਏ। ਅੱਜ ਯਾਦ ਕਰਦੇ ਹਾਂ ਤਾਂ ਹਾਸਾ ਆਉਂਦਾ ਹੈ, ਪਰ ਓਸ ਵੇਲੇ ਮੇਰੀ ਬੇਚੈਨੀ ਵੇਖਦੇ ਹੋਏ ਮੰਮੀ ਨੇ ਹੱਥ ਨਾਲ ਪੱਖੀ ਝੱਲਦੇ ਹੋਏ ਕਿਹਾ " ਤਾਰਿਆਂ ਦੀ ਮੰਜੀ ਦੇਖੀ ਹੈ ਕਦੀ?" ਮੈਂ ਅਸਮਾਨ ਵੱਲ ਵੇਖਦੇ ਹੋਏ ਪੁੱਛਿਆ " ਤਾਰਿਆਂ ਦੀ ਮੰਜੀ?" "ਜਿਵੇ ਸਾਡੀ ਮੰਜੀ ਦੇ ਚਾਰ ਪਾਵੇ ਨੇ, ਤਾਰਿਆਂ ਦੀ ਚਾਰ ਪਾਵਿਆਂ ਵਾਲੀ ਮੰਜੀ ਹੁੰਦੀ ਹੈ ਅਸਮਾਨ ਵਿਚ, ਦੇਖੀ ਜੇ ਤੈਨੂੰ ਕਿਤੇ ਲਭਦੀ ਹੈ "। ਤਾਰਿਆਂ ਦੀ ਮੰਜੀ ਲਭਦੇ ਲਭਦੇ, ਨੀਂਦ ਸਿਰਹਾਣੇ ਆ ਬਹਿੰਦੀ ਸੀ। ਸਾਰਾ ਬਚਪਨ ਖੁੱਲ੍ਹੇ ਅਸਮਾਨ ਵਿੱਚ ਹਰ ਰਾਤ ਤਾਰਿਆਂ ਦੀ ਮੰਜੀ ਲਭਦੇ ਲਭਦੇ ਬੀਤ ਗਿਆ।
ਓਹ ਦਿਨ ਬੀਤ ਗਏ, ਤੇ ਮੈਂ ਕੰਮਕਾਰ ਲਈ ਘਰੋਂ ਦੂਰ ਇਕ ਮਹਾਨਗਰ ਆ ਗਈ। ਮਹਾਨਗਰ ਸ਼ਹਿਰ ਬੋਹੁਤ ਵੱਡਾ ਹੁੰਦਾ ਹੈ, ਪਰ ਉੱਥੇ ਦੇ ਘਰ ਓਨੇ ਹੀ ਛੋਟੇ - ਕਬੂਤਰ-ਖਾਨੇ ਵਰਗੇ, ਤੇ ਓਹਨਾ ਦੀਆਂ ਖਿੜਕੀਆਂ ਵਿਚੋਂ ਦਿਸਦਾ ਅਸਮਾਨ ਹੋਰ ਵੀ ਛੋਟਾ ਤੇ ਧੁੰਦਲਾ। ਕਦੇ ਜੇਕਰ ਅਸਮਾਨ ਵਲ ਧਿਆਨ ਚਲਾ ਵੀ ਜਾਂਦਾ ਤਾਂ ਇੱਕਾ ਦੁੱਕਾ ਕੋਈ ਤਾਰਾ ਦਿੱਖ ਜਾਂਦਾ ਸੀ।ਤੇ ਹੁਣ ਚੰਨ, ਸੂਰਜ ਤੇ ਤਾਰਿਆਂ ਨੂੰ ਵੇਖਣ ਦਾ ਵੇਹਲ ਵੀ ਨਹੀਂ ਸੀ। ਚੰਨ ਵਿਚਾਰਾ ਆਪ ਹੀ ਕਦੇ ਆਪਣੀ ਚਾਨਣੀ ਨੂੰ ਬਾਰੀ ਰਾਹੀਂ ਕਮਰੇ ਚ ਭੇਜ ਦਿੰਦਾ ਤੇ ਕਦੇ ਆਪ ਖਿੜਕੀ ਚ ਆ ਖਲੋਂਦਾ । ਪਰ ਹੁਣ ਮੇਰਾ ਅਸਮਾਨ ਦੇ ਚੰਨ ਵਲ ਧਿਆਨ ਨਹੀਂ ਸੀ। ਮੇਰਾ ਚੰਨ ਤਾਂ ਧਰਤੀ ਤੇ ਉਤਰ ਆਇਆ ਸੀ। ਚੰਨ ਮਾਹੀ ਬਣ ਕੇ। ਹੁਣ ਦਿਨ ਤੇ ਰਾਤ, ਚੰਨ ਮਾਹੀ ਦੇ ਨਾਂ ਹੋ ਗਏ ਸੀ।
ਓਹ ਜ਼ਮਾਨਾ ਵੀ ਗੁਜ਼ਰ ਗਿਆ ਤੇ ਅਸੀ ਮਹਾਨਗਰ ਛੱਡ ਕੇ ਪਰਦੇਸਾ ਵਿੱਚ ਆ ਵਸੇ।ਅਸੀਂ ਮਤਲਬ ਮੈ ਤੇ ਮੇਰਾ ਚੰਨ ਮਾਹੀ - ਮੇਰੇ ਸ਼ਰਮਾ ਜੀ। ਏਥੇ ਦਾ ਅਸਮਾਨ ਬੜਾ ਖੁੱਲਾ ਤੇ ਸਾਫ਼ ਹੈ। ਕਿਸੇ ਕਿਸੇ ਰਾਤ ਚੰਨ ਵੀ ਬੜਾ ਵੱਡਾ ਦਿਸਦਾ ਹੈ।ਇਕ ਦਿਨ ਛੁੱਟੀ ਸੀ, ਮੈ ਤੇ ਸ਼ਰਮਾ ਜੀ ਰਾਤੀ ਸਮੁੰਦਰ ਦੇ ਕਿਨਾਰੇ ਟਹਿਲਣ ਨਿਕਲ ਆਏ। ਠੰਡੀ ਰੇਤ ਤੇ ਬੈਠੇ ਅਸੀ ਅਸਮਾਨ ਵਲ ਦੇਖ ਰਹੇ ਸੀ। ਓਸ ਰਾਤ ਦੇ ਅਸਮਾਨ ਵਿਚ ਚੰਨ ਨਹੀਂ ਸੀ। ਦੂਰ ਦੂਰ ਤਕ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਏਨੇ ਤਾਰੇ ਮੈ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਦੇਖੇ। ਸ਼ਰਮਾ ਜੀ ਨੇ ਤਾਰਿਆਂ ਨੂੰ ਵੇਖਦੇ ਹੋਏ ਕਿਹਾ "ਤਾਰੇ ਕਿੰਨੇ ਸੋਹਣੇ ਲੱਗ ਰਹੇ ਨੇ!" ਮੈ ਤਾਰਿਆਂ ਨੂੰ ਬੜੀ ਦੇਰ ਤੋਂ ਦੇਖ ਰਹੀ ਸੀ ਤੇ ਓਹਨਾ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਅਸਮਾਨ ਦੇ ਤਾਰੇ ਮੇਰੇ ਬਚਪਨ ਦੇ ਅਸਮਾਨ ਦੇ ਤਾਰਿਆਂ ਤੋਂ ਥੋੜੇ ਵੱਖਰੇ ਲੱਗ ਰਹੇ ਸਨ। ਸ਼ਰਮਾ ਜੀ ਦੀ ਗੱਲ ਦਾ ਉੱਤਰ ਦਿੰਦੇ ਹੋਏ ਮੈ ਕਿਹਾ" ਹਾਂ, ਬੋਹੁਤ ਸੋਹਣੇ ਲੱਗ ਰਹੇ ਨੇ।ਪਰ, ਇਹ ਤਾਰੇ ਸਾਡੇ ਤੋਂ ਕੁਝ ਜ਼ਿਆਦਾ ਦੂਰ ਨਹੀਂ ਲਗ ਰਹੇ ? ਬਚਪਨ ਵਿਚ ਤਾਂ ਏਨੀ ਦੂਰ ਨਹੀਂ ਲਗਦੇ ਸੀ।"
ਸ਼ਰਮਾ ਜੀ ਸੋਚਦੇ ਹੋਏ ਬੋਲੇ" ਹਾਂ, ਸ਼ਾਇਦ ਅਸੀ ਸਮੁੰਦਰ- ਤਲ ਤੇ ਬੈਠੇ ਹਾਂ ਇਸ ਲਈ।"
ਇਸ ਵੈਗਿਆਨਿਕ ਤਰਕ ਨਾਲ ਮੈਂ ਆਪਣੇ ਆਪ ਨੂੰ ਓਸ ਵੇਲੇ ਤਾਂ ਸਮਝਾ ਲਿਆ, ਪਰ ਕੋਈ ਗੱਲ ਸੀ ਜੋ ਦਿਲ ਨੂੰ ਬੜੀ ਗਹਿਰੀ ਠੇਸ ਕਰ ਗਈ ਸੀ। ਬਚਪਨ ਦਾ ਓਹ ਤਾਰਿਆਂ ਨਾਲ ਭਰਿਆ ਅਸਮਾਨ, ਜਿਸਦੀ ਤਸਵੀਰ ਜ਼ਿਹਨ ਵਿਚ ਹਰ ਬੀਤਦੇ ਸਾਲ ਨਾਲ ਧੁੰਦਲੀ ਹੁੰਦੀ ਜਾ ਰਹੀ ਹੈ, ਕੀ ਓਹ ਦੋਬਾਰਾ ਕਦੇ ਤਾਜ਼ਾ ਨਹੀਂ ਹੋ ਪਾਏਗੀ? ਇੰਝ ਕਿਉਂ ਲੱਗ ਰਿਹਾ ਸੀ ਜਿਵੇਂ ਕੁਦਰਤ ਨੇ ਅੱਜ ਮੈਨੂੰ ਓਪਰਾ ਕਰ ਦਿੱਤਾ ਹੈ?
ਇਹ ਸਵਾਲ ਕਈ ਦਿਨਾਂ ਤਕ ਮੈਨੂੰ ਬੇਚੈਨ ਕਰਦਾ ਰਿਹਾ। ਇਸ ਦਾ ਜਵਾਬ ਵੀ ਕੁਦਰਤੀ ਹੀ ਮਿਲਿਆ। ਜੇਕਰ ਰਿਸ਼ਤਿਆ ਦਾ ਧਿਆਨ ਨਾ ਰਖਿਆ ਜਾਵੇ ਤਾਂ ਓਹਨਾ ਵਿੱਚ ਫ਼ਾਂਸਲੇ ਆਉਣੇ ਲਾਜ਼ਮੀ ਹਨ। ਫੇਰ ਓਹ ਰਿਸ਼ਤਾ ਦੁਨਿਆਵੀ ਹੋਵੇ ਜਾਂ ਕੁਦਰਤੀ। ਮੈਨੂੰ ਕੁਦਰਤ ਨੇ ਆਪਣੇ ਤੋਂ ਦੂਰ ਨਹੀਂ ਕੀਤਾ ਸੀ, ਬਲਕਿ ਮੈ ਖ਼ੁਦ ਕੁਦਰਤ ਤੋਂ ਦੂਰ ਹੋ ਗਈ ਸੀ। ਕਾਰਨ ਤਾਂ ਕਈ ਹੋ ਸਕਦੇ ਨੇ, ਪਰ ਜਾਯਜ਼ ਕੋਈ ਵੀ ਨਹੀਂ।
ਤੇ ਇਸ ਰਿਸ਼ਤੇ ਨੂੰ ਸਵਾਰਨ ਲਈ ਮੈ ਕਈ ਛੋਟੇ ਛੋਟੇ ਕਦਮ ਲਏ। ਹੁਣ ਸਵੇਰ ਦੀ ਨਿੱਘੀ ਧੁੱਪ ਵਿੱਚ ਚਾਅ ਦੇ ਕੱਪ ਨਾਲ ਫ਼ੁੱਲਾਂ ਨਾਲ ਗੱਪਸ਼ੱਪ ਹੋ ਜਾਂਦੀ ਹੈ। ਆਉਂਦੇ ਜਾਂਦੇ ਪੰਛੀ ਵੀ ਕੋਈ ਉੱਡਦੀ ਉੱਡਦੀ ਖ਼ਬਰ ਸੁਣਾ ਜਾਂਦੇ ਨੇ। ਹੁਣ ਜਦੋਂ ਕਦੀ ਚਾਨਣੀ ਪਲੰਗ ਤੇ ਆ ਬਹਿੰਦੀ ਹੈ, ਓਹਨੂੰ ਮਿਲ ਕੇ ਕਾਲਜੇ 'ਚ ਠੰਡ ਪੈ ਜਾਂਦੀ ਹੈ। ਅਸੀ ਦੋਵੇਂ ਦੋ ਪਲ ਬੈਠ ਕੇ ਆਪਣੇ ਦੁਖ ਸੁਖ ਸਾਂਝੇ ਕਰ ਲੈਂਦੀਆਂ ਹਾਂ। ਚੰਨ ਵੀ ਕਦੀ ਕਦੀ ਖਿੜਕੀ ਤੇ ਆ ਖਲੋਂਦਾ ਹੈ, ਪੇੜ ਦੀਆਂ ਟਹਿਣੀਆਂ ਦੇ ਓਹਲੇ ਹੋ ਕੇ ਕੋਈ ਨਿੰਮਾ ਜਿਹਾ ਮਖੌਲ ਕਰਦਾ ਹੈ। ਮੈ ਵੀ ਹੱਸ ਕੇ ਓਹਦੇ ਨਾਲ ਦੋ ਬਾਤਾਂ ਪਾ ਲੈਨੀ ਹਾਂ।
ਬਚਪਨ ਦਾ ਓਹ ਤਾਰਿਆਂ ਨਾਲ ਭਰਿਆ ਆਸਮਾਨ ਸ਼ਾਇਦ ਹੁਣ ਕਦੇ ਨਾ ਦਿਖੇ, ਪਰ ਹੁਣ ਓਸ ਗਲ ਦਾ ਅਫਸੋਸ ਨਹੀਂ ਰਿਹਾ। ਇਸ ਨਵੇਂ ਅਸਮਾਨ ਨਾਲ ਤਾਰਿਆਂ ਦੀ ਮੰਜੀ ਲੱਭਣ ਦੇ ਬਹਾਨੇ ਵਾਕਫੀਅਤ ਹੁੰਦੀ ਜਾ ਰਹੀ ਹੈ। ਤੇ ਸੱਚ ਜਾਣਿਓ, ਹੁਣ ਤਾਰੇ ਨਜ਼ਦੀਕ ਆਉਂਦੇ ਜਾ ਰਹੇ ਹਨ।
__ਸਵਾਤੀ ਸ਼ਰਮਾ
No posts
No posts
No posts
No posts
Comments